ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਬੰਡਾਲਾ ਵਿਚ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਘਟਨਾ ਮੌਕੇ ਗੁੱਸੇ ਵਿਚ ਆਏ ਲੋਕਾਂ ਨੇ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਵੀਰ ਸਿੰਘ ਵਿਚ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦਾ ਅਪਮਾਨ ਕੀਤਾ ਗਿਆ।
ਜਾਣਕਾਰੀ ਮੁਤਾਬਕ ਦੁਪਹਿਰ ਸਮੇਂ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਬੰਡਾਲਾ ਵਿਚ ਇੱਕ ਨੌਜਵਾਨ ਬਖਸ਼ੀਸ਼ ਉਰਫ਼ ਗੋਲਾ ਪਿੰਡ ਟਲੀ ਨੇ ਗੁਰਦੁਆਰਾ ਸਾਹਿਬ ਵਿਚ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ। ਨੌਜਵਾਨ ਨੂੰ ਸੰਗਤ ਨੇ ਮੌਕੇ ਉਤੇ ਫੜ ਲਿਆ ਅਤੇ ਭੀੜ ਨੇ ਉਕਤ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਕੰਟਰੋਲ ਹੇਠ ਹੈ। ਪੁਲਿਸ ਨੇ ਬੇਅਦਬੀ ਕਰਨ ਵਾਲੇ ਖਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਵੀ ਕਹੀ।