ਨਵੀਂ ਦਿੱਲੀ: ਸਰਕਾਰ ਨੇ ਅਤਿਵਾਦ ਪ੍ਰਭਾਵਤ ਜੰਮੂ ਖੇਤਰ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਓਡੀਸ਼ਾ ਦੇ 2,000 ਤੋਂ ਵੱਧ ਜਵਾਨਾਂ ਵਾਲੀ ਸੀਮਾ ਸੁਰੱਖਿਆ ਬਲ (BSF) ਦੀਆਂ ਦੋ ਬਟਾਲੀਅਨਾਂ ਤਾਇਨਾਤ ਕਰਨ ਦੇ ਹੁਕਮ ਦਿਤੇ ਹਨ। ਅਧਿਕਾਰਤ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਸੂਤਰਾਂ ਨੇ ਦਸਿਆ ਕਿ ਜੰਮੂ ਖੇਤਰ ’ਚ ਹਾਲ ਹੀ ’ਚ ਹੋਏ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਦੋਹਾਂ ਇਕਾਈਆਂ ਨੂੰ ਨਕਸਲ ਵਿਰੋਧੀ ਮੁਹਿੰਮ ਗਰਿੱਡ ਤੋਂ ਤੁਰਤ ਜੰਮੂ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੁਰੱਖਿਆ ਅਦਾਰਿਆਂ ਦੇ ਅਧਿਕਾਰੀਆਂ ਨੇ ਦਸਿਆ ਕਿ ਬੀ.ਐਸ.ਐਫ. ਦੀਆਂ ਇਨ੍ਹਾਂ ਦੋਹਾਂ ਯੂਨਿਟਾਂ ਨੂੰ ਜੰਮੂ ਖੇਤਰ ’ਚ ਕੌਮਾਂਤਰੀ ਸਰਹੱਦ ’ਤੇ ਪਹਿਲਾਂ ਤੋਂ ਤਾਇਨਾਤ ਅਪਣੀਆਂ ਯੂਨਿਟਾਂ ਦੇ ਪਿੱਛੇ ਰੱਖਿਆ ਦੀ ਦੂਜੀ ਲਾਈਨ ਵਜੋਂ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਸਰਹੱਦ ਪਾਰੋਂ ਅਤਿਵਾਦੀਆਂ ਦੀ ਘੁਸਪੈਠ ਅਤੇ ਅੰਦਰੂਨੀ ਇਲਾਕਿਆਂ ’ਚ ਇਨ੍ਹਾਂ ਤੱਤਾਂ ਦੇ ਹਮਲਿਆਂ ਨੂੰ ਰੋਕਿਆ ਜਾ ਸਕੇ।
ਸੂਤਰਾਂ ਨੇ ਦਸਿਆ ਕਿ ਦੋਹਾਂ ਯੂਨਿਟਾਂ ਦੇ ਜਵਾਨ ਸਾਂਬਾ ਅਤੇ ਜੰਮੂ-ਪੰਜਾਬ ਸਰਹੱਦ ਨੇੜੇ ਤਾਇਨਾਤ ਕੀਤੇ ਜਾਣਗੇ। ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਹਾਲ ਹੀ ’ਚ ਦਿੱਲੀ ਅਤੇ ਜੰਮੂ ’ਚ ਉੱਚ ਸੁਰੱਖਿਆ ਅਧਿਕਾਰੀਆਂ ਦੀਆਂ ਦੋ ਬੈਠਕਾਂ ਦੌਰਾਨ ਜੰਮੂ ’ਚ ਬੀ.ਐਸ.ਐਫ. ਦੀ ਤਾਇਨਾਤੀ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਗਿਆ ਸੀ।’’
ਅਧਿਕਾਰੀ ਨੇ ਕਿਹਾ, ‘‘ਨਕਸਲ ਵਿਰੋਧੀ ਮੁਹਿੰਮ ਨੂੰ ਤੇਜ਼ ਕਰਨ ਲਈ ਓਡੀਸ਼ਾ ਤੋਂ ਛੱਤੀਸਗੜ੍ਹ ਬੀ.ਐਸ.ਐਫ. ਦੀਆਂ ਦੋ ਬਟਾਲੀਅਨਾਂ ਭੇਜਣ ਦਾ ਪ੍ਰਸਤਾਵ ਸੀ ਪਰ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇਨ੍ਹਾਂ ਯੂਨਿਟਾਂ ਨੂੰ ਹੁਣ ਜੰਮੂ ਭੇਜਿਆ ਜਾ ਰਿਹਾ ਹੈ।’’
ਬੀ.ਐਸ.ਐਫ. ਭਾਰਤ ਦੇ ਪਛਮੀ ਹਿੱਸੇ ’ਚ ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਨਾਲ ਲਗਦੀ 2,289 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੀ ਰਾਖੀ ਕਰਦੀ ਹੈ। ਇਸ ਸਰਹੱਦ ਦਾ ਲਗਭਗ 485 ਕਿਲੋਮੀਟਰ ਜੰਮੂ ਖੇਤਰ ’ਚ ਹੈ, ਜੋ ਸੰਘਣੇ ਜੰਗਲਾਂ ਅਤੇ ਪਹਾੜੀ ਇਲਾਕਿਆਂ ਨਾਲ ਘਿਰਿਆ ਹੋਇਆ ਹੈ। ਬੀ.ਐਸ.ਐਫ. ਦੀਆਂ ਲਗਭਗ ਇਕ ਦਰਜਨ ਬਟਾਲੀਅਨਾਂ ਜੰਮੂ ’ਚ ਕੌਮਾਂਤਰੀ ਸਰਹੱਦੀ ਖੇਤਰ ’ਚ ਤਾਇਨਾਤ ਹਨ।
ਇਸ ਸਾਲ ਰਾਜੌਰੀ, ਪੁੰਛ, ਰਿਆਸੀ, ਊਧਮਪੁਰ, ਕਠੂਆ ਅਤੇ ਡੋਡਾ ਜ਼ਿਲ੍ਹਿਆਂ ’ਚ ਹੋਏ ਅਤਿਵਾਦੀ ਹਮਲਿਆਂ ਤੋਂ ਬਾਅਦ ਸੁਰੱਖਿਆ ਜੰਮੂ ਖੇਤਰ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਨ੍ਹਾਂ ਹਮਲਿਆਂ ਵਿਚ 11 ਸੁਰੱਖਿਆ ਕਰਮਚਾਰੀਆਂ ਅਤੇ ਇਕ ਵਿਲੇਜ ਡਿਫੈਂਸ ਗਾਰਡ ਮੈਂਬਰ ਸਮੇਤ 22 ਲੋਕ ਮਾਰੇ ਗਏ ਸਨ।
ਪਿਛਲੇ ਮਹੀਨੇ ਕਠੂਆ ਅਤੇ ਡੋਡਾ ਜ਼ਿਲ੍ਹਿਆਂ ’ਚ ਦੋ ਮੁਕਾਬਲਿਆਂ ’ਚ ਪੰਜ ਅਤਿਵਾਦੀ ਮਾਰੇ ਗਏ ਸਨ।
ਸੂਤਰਾਂ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ’ਚ ਬੀ.ਐਸ.ਐਫ. ਦੀ ਇਕ ਬਟਾਲੀਅਨ ਅਤੇ ਕੋਰਾਪੁਟ ਜ਼ਿਲ੍ਹੇ ’ਚ ਇਕ ਬਟਾਲੀਅਨ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਇਨ੍ਹਾਂ ਯੂਨਿਟਾਂ ਨੂੰ ਭੰਗ ਕਰਨ ਤੋਂ ਪਹਿਲਾਂ, ਦੋਹਾਂ ਜ਼ਿਲ੍ਹਿਆਂ ’ਚ ਚਾਰ-ਚਾਰ ਬਟਾਲੀਅਨਾਂ ਸਨ ਜੋ ਨਕਸਲ ਵਿਰੋਧੀ ਮੁਹਿੰਮਾਂ ਦੇ ਹਿੱਸੇ ਵਜੋਂ ਤਾਇਨਾਤ ਕੀਤੀਆਂ ਗਈਆਂ ਸਨ।
ਅਧਿਕਾਰੀਆਂ ਨੇ ਦਸਿਆ ਕਿ ਵਾਪਸ ਬੁਲਾਈਆਂ ਗਈਆਂ ਦੋ ਨਵੀਆਂ ਬਟਾਲੀਅਨਾਂ ਦੀ ਥਾਂ ਨਵੀਂ ਬਟਾਲੀਅਨ ਲਿਆਉਣ ਬਾਰੇ ਫੈਸਲਾ ਬਾਅਦ ’ਚ ਲਿਆ ਜਾਵੇਗਾ।
ਜੰਮੂ-ਕਸ਼ਮੀਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਗਲੇ ਕੁੱਝ ਮਹੀਨਿਆਂ ਅਤੇ ਸਾਲਾਂ ’ਚ ‘ਦੂਜੀ ਕਤਾਰ’ ਦੀ ਸੁਰੱਖਿਆ ਤਾਇਨਾਤੀ ਲਈ ਬੁਨਿਆਦੀ ਢਾਂਚਾ ਅਗਲੇ ਕੁੱਝ ਮਹੀਨਿਆਂ ਅਤੇ ਸਾਲਾਂ ਵਿਚ ਬਣਾਉਣਾ ਹੋਵੇਗਾ ਅਤੇ ਉਦੋਂ ਤਕ ਜੰਮੂ ਕੌਮਾਂਤਰੀ ਸਰਹੱਦ ’ਤੇ ਦੋ ਨਵੀਆਂ ਇਕਾਈਆਂ ਤਾਇਨਾਤ ਕੀਤੀਆਂ ਜਾਣਗੀਆਂ।’’