Monday, June 30, 2025
Homeपंजाबਜਾਤ ਅਧਾਰਤ ਮਰਦਮਸ਼ੁਮਾਰੀ ਦੇ ਮੁੱਦੇ ਦਾ ਕਾਂਗਰਸ ਨੂੰ ਨਹੀਂ ਹੋਇਆ ਕੋਈ ਫਾਇਦਾ

ਜਾਤ ਅਧਾਰਤ ਮਰਦਮਸ਼ੁਮਾਰੀ ਦੇ ਮੁੱਦੇ ਦਾ ਕਾਂਗਰਸ ਨੂੰ ਨਹੀਂ ਹੋਇਆ ਕੋਈ ਫਾਇਦਾ

ਰਾਏਪੁਰ : ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਮੈਦਾਨ ’ਚ ਉਤਾਰੇ ਗਏ ਸਾਰੇ 8 ਬ੍ਰਾਹਮਣ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਬ੍ਰਾਹਮਣ ਭਾਈਚਾਰੇ ਸਮੇਤ ਉੱਚ ਜਾਤੀਆਂ ਨਾਲ ਸਬੰਧਤ 15 ਕਾਂਗਰਸੀ ਉਮੀਦਵਾਰਾਂ ’ਚੋਂ 13 ਚੋਣ ਹਾਰ ਗਏ, ਜਦਕਿ ਘੱਟ ਗਿਣਤੀਆਂ ਨਾਲ ਸਬੰਧਤ ਤਿੰਨਾਂ ਪਾਰਟੀ ਉਮੀਦਵਾਰਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਚ ਜਾਤ ਦੇ 18 ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਅਤੇ 16 ਜੇਤੂ ਰਹੇ।

ਚੋਣ ਮਾਹਰਾਂ ਅਨੁਸਾਰ ਛੱਤੀਸਗੜ੍ਹ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਅਤੇ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਲੁਭਾਉਣ ਦੀ ਕਾਂਗਰਸ ਦੀ ਕੋਸ਼ਿਸ਼ ਨੇ ਉੱਚ ਜਾਤੀਆਂ ਦੇ ਨਾਲ-ਨਾਲ ਅਨੁਸੂਚਿਤ ਜਨਜਾਤੀ ਸ਼੍ਰੇਣੀ ਦੇ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਜ਼ਿਆਦਾਤਰ ਵੋਟਰਾਂ ਨੂੰ ਭੁਪੇਸ਼ ਬਘੇਲ ਦੀ ਅਗਵਾਈ ਵਾਲੀ ਸਰਕਾਰ ਦੀ ਓ.ਬੀ.ਸੀ. ਪੱਖੀ ਸਿਆਸਤ ਪਸੰਦ ਨਹੀਂ ਆਈ।

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 2018 ’ਚ 68 ਸੀਟਾਂ ਜਿੱਤਣ ਵਾਲੀ ਕਾਂਗਰਸ 35 ਸੀਟਾਂ ’ਤੇ ਸਿਮਟ ਗਈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 90 ਮੈਂਬਰੀ ਵਿਧਾਨ ਸਭਾ ’ਚ 54 ਸੀਟਾਂ ਜਿੱਤ ਕੇ ਸੱਤਾ ’ਚ ਵਾਪਸੀ ਕੀਤੀ ਹੈ। ਗੋਂਡਵਾਨਾ ਗਣਤੰਤਰ ਪਾਰਟੀ (ਜੀ.ਜੀ.ਪੀ.) ਇਕ ਸੀਟ ਜਿੱਤਣ ਵਿਚ ਸਫਲ ਰਹੀ।

ਕਾਂਗਰਸ ਨੇ ਇਸ ਵਾਰ ਅੱਠ ਬ੍ਰਾਹਮਣਾਂ ਸਮੇਤ ਉੱਚ ਜਾਤੀ ਦੇ 15 ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਸੀ। ਉੱਚ ਜਾਤੀ ਵਰਗ ਤੋਂ ਕਾਂਗਰਸ ਦੇ ਸਿਰਫ ਦੋ ਉਮੀਦਵਾਰ ਰਘਵੇਂਦਰ ਸਿੰਘ ਅਤੇ ਅਟਲ ਸ਼੍ਰੀਵਾਸਤਵ ਜਿੱਤਣ ਵਿਚ ਸਫਲ ਰਹੇ। ਪਿਛਲੀ ਕਾਂਗਰਸ ਸਰਕਾਰ ’ਚ ਉਪ ਮੁੱਖ ਮੰਤਰੀ ਟੀ.ਐਸ. ਸਿੰਘਦੇਵ, ਮੰਤਰੀ ਰਵਿੰਦਰ ਚੌਬੇ, ਮੰਤਰੀ ਜੈ ਸਿੰਘ ਅਗਰਵਾਲ, ਸੀਨੀਅਰ ਵਿਧਾਇਕ ਅਮਿਤੇਸ਼ ਸ਼ੁਕਲਾ ਅਤੇ ਅਰੁਣ ਵੋਰਾ ਸਮੇਤ 13 ਸੋਨ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸੂਬੇ ਦੇ ਚੋਣ ਮਾਹਰਾਂ ਦਾ ਕਹਿਣਾ ਹੈ, ‘‘ਅਜਿਹਾ ਲਗਦਾ ਹੈ ਕਿ ਹਿੰਦੂਤਵ ਕਾਰਡ ਨੇ ਭਾਜਪਾ ਲਈ ਕੰਮ ਕੀਤਾ ਅਤੇ ਆਮ ਪਿਛੋਕੜ ਤੋਂ ਈਸ਼ਵਰ ਸਾਹੂ ਦੀ ਜਿੱਤ ਨੂੰ ਯਕੀਨੀ ਬਣਾਇਆ।’’ ਸਾਹੂ ਦੇ ਪੁੱਤਰ ਭੂਨੇਸ਼ਵਰ ਸਾਹੂ ਦੀ ਇਸ ਸਾਲ ਅਪ੍ਰੈਲ ’ਚ ਸਾਜਾ ਖੇਤਰ (ਬੇਮੇਤਰਾ ਜ਼ਿਲ੍ਹਾ) ਦੇ ਬੀਰਨਪੁਰ ਪਿੰਡ ’ਚ ਫਿਰਕੂ ਹਿੰਸਾ ਦੀ ਇਕ ਘਟਨਾ ’ਚ ਮੌਤ ਹੋ ਗਈ ਸੀ।

ਭਾਜਪਾ ਦੇ ਚੋਟੀ ਦੇ ਨੇਤਾਵਾਂ ਨੇ ਚੋਣ ਪ੍ਰਚਾਰ ਦੌਰਾਨ ਇਹ ਮੁੱਦਾ ਚੁਕਿਆ ਸੀ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਆਮਾ ਚਰਨ ਸ਼ੁਕਲਾ ਦੇ ਬੇਟੇ ਅਤੇ ਸਾਬਕਾ ਮੰਤਰੀ ਅਮਿਤੇਸ਼ ਸ਼ੁਕਲਾ ਰਾਜਿਮ ਸੀਟ ਤੋਂ ਭਾਜਪਾ ਦੇ ਰੋਹਿਤ ਸਾਹੂ ਤੋਂ 11,911 ਵੋਟਾਂ ਦੇ ਫਰਕ ਨਾਲ ਹਾਰ ਗਏ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੋਤੀਲਾਲ ਵੋਰਾ ਦੇ ਬੇਟੇ ਅਰੁਣ ਵੋਰਾ ਭਾਜਪਾ ਦੇ ਗਜੇਂਦਰ ਯਾਦਵ ਤੋਂ 48,697 ਵੋਟਾਂ ਦੇ ਫਰਕ ਨਾਲ ਹਾਰ ਗਏ।

ਕਾਂਗਰਸ ਨੇ ਘੱਟ ਗਿਣਤੀ ਭਾਈਚਾਰੇ ਦੇ ਤਿੰਨ ਉਮੀਦਵਾਰਾਂ ਮੌਜੂਦਾ ਮੰਤਰੀ ਮੁਹੰਮਦ ਅਕਬਰ (ਕਵਰਧਾ) ਅਤੇ ਮੌਜੂਦਾ ਵਿਧਾਇਕ ਕੁਲਦੀਪ ਜੁਨੇਜਾ (ਰਾਏਪੁਰ ਸਿਟੀ ਉੱਤਰੀ) ਅਤੇ ਆਸ਼ੀਸ਼ ਛਾਬੜਾ (ਬੇਮੇਤਰਾ) ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਜੁਨੇਜਾ ਅਤੇ ਛਾਬੜਾ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਭਾਜਪਾ ਨੇ ਉੱਚ ਜਾਤੀ ਦੇ 18 ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਨ੍ਹਾਂ ਵਿੱਚੋਂ 16 ਜੇਤੂ ਰਹੇ ਸਨ। ਇਨ੍ਹਾਂ 18 ’ਚੋਂ ਸੱਤ ਬ੍ਰਾਹਮਣ ਸਨ, ਜਿਨ੍ਹਾਂ ਵਿਚੋਂ ਪੰਜ ਚੋਣ ਜਿੱਤ ਚੁੱਕੇ ਹਨ। ਭਾਜਪਾ ਦੇ ਉੱਚ ਜਾਤੀ ਦੇ ਦੋ ਉਮੀਦਵਾਰ ਸ਼ਿਵਰਤਨ ਸ਼ਰਮਾ (ਭਾਟਾਪਾੜਾ) ਅਤੇ ਪ੍ਰੇਮ ਪ੍ਰਕਾਸ਼ ਪਾਂਡੇ (ਭਿਲਾਈ ਨਗਰ) ਚੋਣ ਹਾਰ ਗਏ।

ਛੱਤੀਸਗੜ੍ਹ ’ਚ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਭੁਪੇਸ਼ ਬਘੇਲ ਸਮੇਤ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ’ਚ ਰਹਿੰਦੀ ਹੈ ਤਾਂ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਈ ਜਾਵੇਗੀ। ਚੋਣ ਮਾਹਰ ਆਰ ਕ੍ਰਿਸ਼ਨ ਦਾਸ ਨੇ ਕਿਹਾ ਕਿ ਕਾਂਗਰਸ ਨੇ ਓ.ਬੀ.ਸੀ. ਆਬਾਦੀ ਨੂੰ ਲੁਭਾਉਣ ਲਈ ਜਾਤ ਅਧਾਰਤ ਮਰਦਮਸ਼ੁਮਾਰੀ ਸਮੇਤ ਕਈ ਵਾਅਦੇ ਕੀਤੇ ਹਨ, ਜਿਨ੍ਹਾਂ ਨੇ ਉੱਚ ਜਾਤੀ ਦੇ ਵੋਟਰਾਂ ਦਾ ਧਿਆਨ ਭਟਕਾਇਆ।

ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸੀਟਾਂ ’ਤੇ ਕਾਂਗਰਸ ਨੇ ਉੱਚ ਜਾਤੀ ਦੇ ਉਮੀਦਵਾਰ ਖੜ੍ਹੇ ਕੀਤੇ ਸਨ, ਉਨ੍ਹਾਂ ’ਚ ਉੱਚ ਜਾਤੀਆਂ ਦੇ ਉਮੀਦਵਾਰ ਚੰਗੀ ਗਿਣਤੀ ’ਚ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਿੰਦੂਤਵ ਕਾਰਡ ਵੀ ਉਸ ਦੇ ਹੱਕ ’ਚ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਰਾਜ ਵਿੱਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਬਘੇਲ ਸਰਕਾਰ ਨੂੰ ਨਿਸ਼ਾਨਾ ਬਣਾਉਂਦੀ ਰਹੀ ਅਤੇ ਕਾਂਗਰਸ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 29 ਓ.ਬੀ.ਸੀ. ਉਮੀਦਵਾਰਾਂ ’ਚੋਂ 16 ਚੋਣਾਂ ਜਿੱਤਣ ’ਚ ਕਾਮਯਾਬ ਰਹੇ। ਦਾਸ ਨੇ ਕਿਹਾ ਕਿ ਭਾਜਪਾ ਦੇ 31 ਓ.ਬੀ.ਸੀ. ਉਮੀਦਵਾਰਾਂ ’ਚੋਂ 19 ਨੇ ਇਸ ਵਾਰ ਚੋਣਾਂ ਜਿੱਤੀਆਂ।

RELATED ARTICLES
- Advertisment -spot_imgspot_img

Most Popular