ਜਲਾਲਾਬਾਦ : ਖੜ੍ਹੇ ਟਰੈਕਟਰ-ਟਰਾਲੀ ਨਾਲ ਹੋਏ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕ ਸਰਬਜੀਤ ਸਿੰਘ ਪਰਵਾਰ ਪਿੰਡ ਲੱਖਾ ਸਿੰਘ ਵਾਲਾ ਉਤਾੜ ਦਾ ਰਹਿਣ ਵਾਲਾ ਹੈ। ਪਰਵਾਰਿਕ ਜੀਆਂ ਨੇ ਦਸਿਆ ਕਿ ਮ੍ਰਿਤਕ ਸਰਬਜੀਤ ਦੇ ਘਰ ਉਸ ਦੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਵਿਆਹ ਤੇ ਕਾਰਡ ਦੇਣ ਲਈ ਅਪਣੀ ਮਾਂ ਦੇ ਨਾਲ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਜਲਾਲਾਬਾਦ ਨੂੰ ਜਾ ਰਹੇ ਸੀ ਕਿ ਰਸਤੇ ’ਚ ਖੜੀ ਟਰਾਲੀ ਨਾਲ ਮੋਟਰਸਾਈਕਲ ਟਕਰਾ ਗਿਆ ਜਿਸ ’ਚ ਸਰਬਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਮਾਤਾ ਨੇ ਹਸਪਤਾਲ ਲਜਾਉਂਦੇ ਸਮੇਂ ਦਮ ਤੋੜ ਦਿਤਾ।
ਮੌਕੇ ’ਤੇ ਪੁੱਜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਸਿਆ ਕਿ ਜਦੋਂ ਉਹ ਇਸ ਘਟਨਾ ਮੌਕੇ ਪੁੱਜੇ ਤਾਂ ਮ੍ਰਿਤਕ ਸਰਬਜੀਤ ਸਿੰਘ ਦੇ ਕੰਨਾਂ ਉੱਪਰ ਹੈਡਫੋਨ ਲੱਗੇ ਹੋਏ ਸਨ ਅਤੇ ਮੋਬਾਇਲ ਉੱਪਰ ਇੰਸਟਾਗਰਾਮ ਚੱਲ ਰਿਹਾ ਸੀ ਜਿਸ ਨੂੰ ਵੇਖ ਕੇ ਇਹੀ ਲਗਦਾ ਹੈ ਕਿ ਇਹ ਸੱਭ ਮੋਟਰਸਾਈਕਲ ਚਲਾਉਂਦੇ ਸਮੇਂ ਮੋਬਾਈਲ ਚਲਾਉਣ ਦੇ ਕਾਰਨ ਹੀ ਹਾਦਸਾ ਵਾਪਰਿਆ ਹੈ ਅਤੇ ਦੋ ਜਣਿਆਂ ਦੀ ਮੌਤ ਦਾ ਕਾਰਨ ਬਣਿਆ ਹੈ।
ਇਸ ਮੌਕੇ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਪੀੜਤ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸੜਕ ਉੱਪਰ ਤਿੰਨ ਸੂਬਿਆਂ ਦਾ ਟਰੈਫ਼ਿਕ ਹੁੰਦਾ ਹੈ ਅਤੇ ਇਨਾਂ ਹਾਦਸਿਆਂ ਦੇ ਬਚਾਅ ਲਈ ਸੜਕ ਦਾ ਫੋਰਲੇਨ ਬਣਨਾ ਜ਼ਰੂਰੀ ਹੈ। ਵਿਧਾਇਕ ਸਰਾਰੀ ਨੇ ਕਿਹਾ ਕਿ ਪੀੜਤ ਪਰਵਾਰ ਦੀ ਬਣਦੀ ਸਰਕਾਰੀ ਮਦਦ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦਾ ਇਸਤੇਮਾਲ ਨਾ ਕਰਨ।