Election results: ਵਿਧਾਨ ਸਭਾ ਚੋਣਾਂ ਲੜਨ ਅਤੇ ਜਿੱਤਣ ਵਾਲੇ ਕਈ ਸੰਸਦ ਮੈਂਬਰਾਂ ਨੂੰ ਅਗਲੇ 14 ਦਿਨਾਂ ’ਚ ਵਿਧਾਨ ਸਭਾ ਅਤੇ ਸੰਸਦ ਦੀ ਮੈਂਬਰਸ਼ਿਪ ’ਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ ਨਹੀਂ ਤਾਂ ਉਹ ਸੰਸਦ ਦੀ ਮੈਂਬਰਸ਼ਿਪ ਗੁਆ ਦੇਣਗੇ। ਇਕ ਮਾਹਰ ਨੇ ਸੰਵਿਧਾਨ ਦੀਆਂ ਵਿਵਸਥਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ।
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵਿਧਾਨ ਸਭਾ ਚੋਣਾਂ ’ਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਸਮੇਤ 21 ਸੰਸਦ ਮੈਂਬਰਾਂ ਨੂੰ ਮੈਦਾਨ ’ਚ ਉਤਾਰਿਆ ਸੀ। ਭਾਜਪਾ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ 7-7, ਛੱਤੀਸਗੜ੍ਹ ’ਚ 4 ਅਤੇ ਤੇਲੰਗਾਨਾ ’ਚ 3 ਸੰਸਦ ਮੈਂਬਰਾਂ ਨੂੰ ਮੈਦਾਨ ’ਚ ਉਤਾਰਿਆ ਸੀ।
ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰਾਂ ਨੂੰ ਅਗਲੇ 14 ਦਿਨਾਂ ਵਿਚ ਉਨ੍ਹਾਂ ’ਚੋਂ ਇਕ (ਵਿਧਾਨ ਸਭਾ ਮੈਂਬਰਸ਼ਿਪ ਅਤੇ ਸੰਸਦ ਮੈਂਬਰਸ਼ਿਪ) ਦੀ ਚੋਣ ਕਰਨੀ ਹੋਵੇਗੀ।
ਸੰਵਿਧਾਨ ਮਾਹਰ ਅਤੇ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀ.ਡੀ.ਟੀ. ਅਚਾਰੀ ਨੇ ਸੰਵਿਧਾਨ ਦੀ ਧਾਰਾ 101 ਦੇ ਤਹਿਤ ਰਾਸ਼ਟਰਪਤੀ ਵਲੋਂ 1950 ’ਚ ਜਾਰੀ ‘ਦੋ ਸਦਨਾਂ ਦੀ ਮੈਂਬਰਸ਼ਿਪ ’ਤੇ ਪਾਬੰਦੀ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਅਜਿਹਾ ਕਰਨ ’ਚ ਅਸਫਲ ਰਹਿੰਦੇ ਹਨ ਤਾਂ ਉਹ 14 ਦਿਨਾਂ ਦੀ ਮਿਆਦ ਖਤਮ ਹੋਣ ’ਤੇ ਸੰਸਦ ਦੀ ਮੈਂਬਰਸ਼ਿਪ ਗੁਆ ਦੇਣਗੇ। ਹਾਲਾਂਕਿ, ਉਹ ਰਾਜ ਵਿਧਾਨ ਸਭਾ ਦੇ ਮੈਂਬਰ ਬਣੇ ਰਹਿ ਸਕਦੇ ਹਨ।