ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਕਾਰਨ ਹੇਠਲੇ ਰੈਂਕ ਦੇ ਲਗਭਗ 10,000 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਐਲਾਨ ਤੋਂ ਦੋ ਦਿਨ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੁਲਾਜ਼ਮਾਂ ਦਾ ਬਚਾਅ ਕੀਤਾ ਅਤੇ ਇਸ ਕਦਮ ਪਿੱਛੇ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦਿੱਤਾ।
ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਡੀਜੀਪੀ ਯਾਦਵ ਨੇ ਨਸ਼ਾ ਤਸਕਰੀ ਦੇ ਕਈ ਪਹਿਲੂਆਂ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਕੋਲ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੀ ਸ਼ਮੂਲੀਅਤ ਬਾਰੇ ਸਬੂਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਾ ਤਸਕਰੀ ਪਿੱਛੇ ਆਈਐਸਆਈ ਦਾ ਹੱਥ ਹੈ। ਇਹ ਭਾਰਤ ਵਿਚ ਨਾਰਕੋ-ਅਤਿਵਾਦ ਦੇ ਪਿੱਛੇ ਮੁੱਖ ਅਭਿਨੇਤਾ ਹੈ। ਡੀਜੀਪੀ ਨੇ ਕਿਹਾ ਕਿ ਪਾਕਿਸਤਾਨ, ਜਿਸ ਦੀ ਆਰਥਿਕਤਾ ਮਾੜੀ ਹਾਲਤ ਵਿਚ ਹੈ, ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਤੋਂ ਜਿਉਂਦਾ ਜਾਪਦਾ ਹੈ। ਸਾਲ 2019 ਤੋਂ ਲੈ ਕੇ ਹੁਣ ਤੱਕ ਸਰਹੱਦ ਪਾਰੋਂ 906 ਡਰੋਨ ਭੇਜੇ ਜਾ ਚੁੱਕੇ ਹਨ।
ਇਸ ਸਾਲ ਵੀ ਪੰਜਾਬ ਪੁਲਿਸ ਨੇ ਬੀਐਸਐਫ਼ ਨਾਲ ਤਾਲਮੇਲ ਕਰ ਕੇ ਹੁਣ ਤੱਕ 247 ਡਰੋਨਾਂ ਵਿਚੋਂ 101 ਨੂੰ ਮਾਰ ਸੁੱਟਿਆ ਹੈ। ਦਹਾਕਿਆਂ ਤੋਂ ਸੂਬੇ ਨੂੰ ਤਬਾਹ ਕਰ ਰਿਹਾ ਇਹ ਖਤਰਾ ਇਸ ਮਹੀਨੇ ਕਥਿਤ ਤੌਰ ‘ਤੇ ਨਸ਼ੇ ਦੀ ਓਵਰਡੋਜ਼ ਕਾਰਨ 14 ਵਿਅਕਤੀਆਂ ਦੀ ਮੌਤ ਤੋਂ ਬਾਅਦ ਇਕ ਵਾਰ ਫਿਰ ਸਾਹਮਣੇ ਆਇਆ ਹੈ।
ਡੀਜੀਪੀ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ “ਮੈਂ ਇਹ ਰਿਕਾਰਡ ‘ਤੇ ਰੱਖਣਾ ਚਾਹੁੰਦਾ ਹਾਂ ਕਿ ਇਸ ਫੇਰਬਦਲ ਵਿੱਚ ਕੋਈ ਵੀ (ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ) ਸ਼ਾਮਲ ਨਹੀਂ ਹੈ।
ਕਿਸੇ ‘ਤੇ ਕੋਈ ਦਾਗ ਨਹੀਂ ਹੈ। ਇਹ ਤਬਾਦਲੇ 2020 ਵਿੱਚ ਬਣਾਈ ਗਈ ਰਾਜ ਨੀਤੀ ਦਾ ਹਿੱਸਾ ਸਨ, ਜਿਸ ਲਈ ਕੁੱਝ ਸਾਲਾਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇੱਕ ਸਟੇਸ਼ਨ ਤੋਂ ਤਬਦੀਲ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਪ੍ਰਤੀ ਉਨ੍ਹਾਂ ਦੀ ਜ਼ੀਰੋ ਟਾਲਰੈਂਸ ਨੀਤੀ ਹੈ। “ਪੁਲਿਸ ਨੇ ਕਾਰਵਾਈ ਕੀਤੀ ਹੈ। ਪਰ ਕਾਲੀ ਭੇਡਾਂ ਵੀ ਹੋ ਸਕਦੀਆਂ ਹਨ।
ਅਸੀਂ ਆਪਣੇ ਲੋਕਾਂ ਨੂੰ ਬਰਖਾਸਤ ਕਰ ਦਿੱਤਾ ਹੈ। ਅਸੀਂ ਅਪਰਾਧਿਕ ਕਾਰਵਾਈ ਵੀ ਕੀਤੀ ਹੈ, ਐਫਆਈਆਰ ਦਰਜ ਕੀਤੀ ਹੈ ਅਤੇ ਨਸ਼ਿਆਂ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਲਈ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਖ਼ਾਸਤ ਅਤੇ ਨਸ਼ਿਆਂ ਦੇ ਦਾਗੀ ਪੁਲਿਸ ਮੁਲਾਜ਼ਮ ਰਾਜਜੀਤ ਸਿੰਘ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਦੀ ਅਸਫਲਤਾ ਬਾਰੇ ਡੀਜੀਪੀ ਨੇ ਕਿਹਾ, “ਨਸ਼ਿਆਂ ਵਿਰੁੱਧ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਏਡੀਜੀਪੀ ਨੀਲਭ ਕਿਸ਼ੋਰ ਇਸ ਵਿਚ ਸ਼ਾਮਲ ਹਨ।
ਇਹ ਦਾਅਵਾ ਕਰਦਿਆਂ ਕਿ ਨਸ਼ਿਆਂ ਵਿਰੁੱਧ ਬਹੁਪੱਖੀ ਰਣਨੀਤੀ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ, ਡੀਜੀਪੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਪੁਲਿਸ ਇਕੱਲੀ ਨਸ਼ਿਆਂ ਦੀ ਤਸਕਰੀ ਨਾਲ ਨਹੀਂ ਲੜ ਸਕਦੀ। ਰਾਜ ਦੀਆਂ ਹੋਰ ਏਜੰਸੀਆਂ ਦੇ ਨਾਲ-ਨਾਲ ਕੇਂਦਰ ਨੂੰ ਵੀ ਇਸ ਵਿੱਚ ਸ਼ਾਮਲ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਨਸ਼ਿਆਂ ਦੀ ਰਿਕਵਰੀ ਵਿਚ 560 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ 2017 ‘ਚ 170 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਪਿਛਲੇ ਸਾਲ ਇਹ ਬਰਾਮਦਗੀ 1,350 ਕਿਲੋਗ੍ਰਾਮ ਸੀ। ਇਸ ਸਾਲ ਲਗਭਗ 500 ਕਿਲੋ ਗ੍ਰਾਮ ਨਸ਼ੀਲੇ ਪਦਾਰਥ ਪਹਿਲਾਂ ਹੀ ਜ਼ਬਤ ਕੀਤੇ ਜਾ ਚੁੱਕੇ ਹਨ।