ਪੰਜਾਬ: ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿਤਾ ਹੈ। ਉਨ੍ਹਾਂ ਅਪਣਾ ਅਸਤੀਫਾ 28 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿਤਾ ਸੀ ਪਰ ਦਸਿਆ ਜਾ ਰਿਹਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿਤਾ ਹੈ।
ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ ਪਰ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ। ਜੇਕਰ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਾ ਹੋਇਆ ਤਾਂ ਉਹ ਅਦਾਲਤ ਜਾਂ ਚੋਣ ਕਮਿਸ਼ਨ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਨਾਲ-ਨਾਲ ਇਸ ਸੀਟ ‘ਤੇ ਜ਼ਿਮਨੀ ਚੋਣ ਨਹੀਂ ਕਰਵਾਉਣਾ ਚਾਹੁੰਦੀ, ਇਸ ਲਈ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਦਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਦਾ ਅਸਤੀਫਾ ਵੀ ਅਜੇ ਤਕ ਪ੍ਰਵਾਨ ਨਹੀਂ ਹੋਇਆ ਹੈ। ਬੀਤੇ ਦਿਨੀਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਨਿਯਮਾਂ ਅਨੁਸਾਰ ਅਜਿਹੇ ਹਾਲਾਤਾਂ ਵਿਚ ਹਰੇਕ ਵਿਧਾਇਕ ਵਲੋਂ ਦਿਤੇ ਅਸਤੀਫ਼ਿਆਂ ਦੀ ਬਕਾਇਦਾ ਪੜਤਾਲ ਕੀਤੀ ਜਾਂਦੀ ਹੈ। ਜੇਕਰ ਦੋਵਾਂ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਹੋ ਜਾਂਦੇ ਹਨ ਤਾਂ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵਿਧਾਨ ਸਭਾ ਦੀਆਂ ਖਾਲੀ ਪਈਆਂ ਦੋਵਾਂ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਕਾਨੂੰਨ ਮੁਤਾਬਕ ਖਾਲੀ ਪਈਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨ ਨੂੰ ਸੂਚਿਤ ਕਰਨਾ ਹੁੰਦਾ ਹੈ।
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਅਯੋਗ ਕਰਾਰ ਦਿਤੇ ਗਏ ਛੇ ਕਾਂਗਰਸੀ ਵਿਧਾਇਕਾਂ ਦੇ ਅਸਤੀਫ਼ੇ ਦੇਣ ਅਤੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਨਾਲ ਹੀ ਜ਼ਿਮਨੀ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਜਿਸ ਤੋਂ ਬਾਅਦ ਭਾਜਪਾ ਨੇ ਹਿਮਾਚਲ ਵਿਚ ਪਾਰਟੀਆਂ ਬਦਲਣ ਵਾਲੇ ਸਾਰੇ ਸਾਬਕਾ ਵਿਧਾਇਕਾਂ ਨੂੰ ਅਪਣਾ ਉਮੀਦਵਾਰ ਐਲਾਨਿਆ।