New Delhi: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਸਿੱਖਾਂ ਨੇ ਐਤਵਾਰ ਨੂੰ ਦਿੱਲੀ ’ਚ ਰੋਸ ਮਾਰਚ ਕਢਿਆ। ਬੰਗਲਾ ਸਾਹਿਬ ਗੁਰਦੁਆਰੇ ਤੋਂ ਸੰਸਦ ਮਾਰਗ ਤਕ ਇਸ ਪੈਦਲ ਮਾਰਚ ’ਚ ਸਿੱਖਾਂ ਨੇ ਦੇਸ਼ ਦੀਆਂ ਵਖੋ-ਵੱਖ ਜੇਲਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ’ਚੋਂ ਇਕ ਨੇ ਕਿਹਾ ਕਿ ਪਿਛਲੇ ਹਫ਼ਤੇ ਅੰਮ੍ਰਿਤਸਰ ’ਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦੋ ਘੰਟੇ ਲੰਮੀ ਚਰਚਾ ਹੋਈ ਸੀ, ਜੋ ਅਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਅਜੇ ਵੀ ਵੱਖ-ਵੱਖ ਜੇਲਾਂ ਵਿਚ ਬੰਦ ਹਨ।
ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਜਿਹੇ ਸਿੰਘਾਂ ਦੀ ਰਿਹਾਈ ਲਈ ਤਰੀਕੇ ਲੱਭਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ।’’
ਇਸ ਦੌਰਾਨ ਦਿੱਲੀ ਪੁਲਿਸ ਨੇ ਰੋਸ ਮਾਰਚ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭਾਰੀ ਸੁਰੱਖਿਆ ਯਕੀਨੀ ਬਣਾਈ। ਇਕ ਸੀਨੀਅਰ ਪੁਲਿਸ ਅਫ਼ਸਰ ਨੇ ਕਿਹਾ, ‘‘ਅਸੀਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਮਾਰਚ ਕੱਢਣ ਦੀ ਬੇਨਤੀ ਕੀਤੀ ਹੈ। ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਤੀ ਗਈ।’’ ਭਾਰੀ ਗਿਣਤੀ ’ਚ ਪੁਲਿਸ ਅਤੇ ਫ਼ੌਜੀ ਜਵਾਨ ਮਾਰਚ ਦੇ ਚਾਰੇ ਪਾਸੇ ਮੌਜੂਦ ਰਹੇ।
ਪੁਲਿਸ ਨੇ ਰੋਸ ਮਾਰਚ ’ਚ ਸ਼ਾਮਲ ਸਿੱਖਾਂ ਨੂੰ ਸੰਸਦ ਥਾਣੇ ਕੋਲ ਹੀ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿਤਾ। ਇਸ ਦੌਰਾਨ ਸੀਨੀਅਰ ਸਿੱਖ ਵਿਅਕਤੀਆਂ ਨੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਹੈ। ਇਸ ਮੀਟਿੰਗ ’ਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿਤਾ ਗਿਆ ਅਤੇ ਮੰਗ ਕੀਤੀ ਕਿ ਸਿੱਖ ਬੰਦੀ ਕੈਦੀਆਂ ਨੂੰ ਛੇਤੀ ਤੋਂ ਛੇਤੀ ਰਿਹਾਅ ਕੀਤਾ ਜਾਵੇ।
ਹਾਲਾਂਕਿ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਪੀ.ਸੀ.) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪੀ.ਟੀ.ਆਈ. ਨੂੰ ਫ਼ੋਨ ’ਤੇ ਦਸਿਆ ਕਿ ਇਹ ਰੋਸ ਮਾਰਚ ਵੱਖ-ਵੱਖ ਸੰਗਠਨਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਰੋਸ ਮਾਰਚ ’ਚ ਦਿੱਲੀ ਕਮੇਟੀ ਦੀ ਕੋਈ ਸ਼ਮੂਲੀਅਤ ਨਹੀਂ ਸੀ। ਇਹ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ, ਨਾ ਕਿ ਸਾਡੇ ਵਲੋਂ।’’