ਜਥੇਦਾਰਾਂ ਦੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸਿੱਖ ਬੁੱਧੀਜੀਵੀ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ’ਚ ਚੱਲ ਰਿਹਾ ਹੈ ਉਹ ਇਕ ਯੋਜਨਾ ਦਾ ਹਿਸਾ ਹੈ। ਜਦੋਂ ਸਾਰਾ ਯੋਜਨਾ ਹੀ ਗ਼ਲਤ ਹੋਵੇਗੀ ਤਾਂ ਉਸ ਵਿਚ ਘਟਨਾਵਾਂ ਵੀ ਗ਼ਲਤ ਹੁੰਦੀਆਂ ਜਾਣਗੀਆਂ। 1849 ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਿਸੇ ਇਕ ਸਖ਼ਸੀਅਤ, ਇਕ ਜਥੇਦਾਰ ਨੂੰ ਨਹੀਂ ਪੂਰੇ ਜਥੇ ਨੂੰ ਸੇਵਾ ਸੰਭਾਲੀ ਜਾਂਦੀ ਸੀ, ਪਰ ਅੰਗਰੇਜ਼ਾਂ ਨੇ ਆ ਕੇ ਸ਼ੁਰੂ ਕੀਤਾ ਕਿ ਕਿਸੇ ਇਕ ਵਿਅਕਤੀ ਨੂੰ ਮੋਹਰੀ ਕੀਤਾ ਜਾਵੇ।
ਹੁਣ ਜਦੋਂ ਨਵੇਂ ਜਥੇਦਾਰ ਨੂੰ ਸੇਵਾ ਦੇਣੀ ਹੈ ਤਾਂ ਸਾਰੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਸ਼ਾਮਲ ਕਰਨਾ ਪੈਣਾ ਹੈ। ਪਿਛਲੇ ਸਮੇਂ ਵਿਚ ਇਕ ਵਿਅਕਤੀ ਮਨਮਰਜ਼ੀ ਨਾਲ ਜਥੇਦਾਰ ਲਗਾ ਦਿੰਦਾ ਤੇ ਹਟਾ ਦਿੰਦਾ ਹੈ, ਜੇ ਮਨਮਰਜ਼ੀ ਚਲਣੀ ਹੈ ਤਾਂ ਉਸ ਵਿਚ ਮਰਿਆਦਾ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਕੇਸਗੜ੍ਹ ਸਾਹਿਬ ਦੀ ਆਪਣੀ ਮਰਿਆਦਾ ਹੈ ਜਦੋਂ ਜਥੇਦਾਰ ਦੀ ਦਸਤਾਰਬੰਦੀ ਹੁੰਦੀ ਹੈ ਤਾਂ ਸਾਰੀ ਸਾਫ਼ ਸਫ਼ਾਈ ਕਰ ਕੇ ਗੁਰਬਾਣੀ ਪੜ੍ਹੀ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਫਿਰ ਕੀਰਤਨ ਕੀਤਾ ਜਾਂਦਾ ਹੈ ਤੇ ਸਾਰੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਮੌਜੂਦ ਹੁੰਦੀਆਂ ਹਨ।
ਉਨ੍ਹਾਂ ਦੀ ਸਹਿਮਤੀ ਲੈ ਕੇ ਹੀ ਜਥੇਦਾਰ ਦੀ ਚੋਣ ਕੀਤੀ ਜਾਂਦੀ ਹੈ। ਪਰ ਇਸ ਵਾਰ ਤਾਂ ਇਨ੍ਹਾਂ ਨੇ ਬਿਨਾਂ ਗੁਰਬਾਣੀ, ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਹੀ ਸਾਰਾ ਕੁਝ ਕਰ ਦਿਤਾ। ਦਸਤਾਰਬੰਦੀ ਤਾਂ ਕੀਤੀ ਹੀ ਨਹੀਂ ਗਈ, ਸਿਰਫ਼ ਪੰਜ ਪਿਆਰਿਆਂ ਤੋਂ ਨਵੇਂ ਜਥੇਦਾਰ ਨੂੰ ਸਿਰੋਪਾਉ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਵਿਧੀ ਵਿਧਾਨ ਦੇ ਜਥੇਦਾਰ ਦੀ ਚੋਣ ਕਰਨਾ ਮੈਂ ਠੀਕ ਨਹੀਂ ਸਮਝਦਾ। ਜਿਹੜੀਆਂ ਗੱਲਾਂ ਹੋਰ ਰਹੀਆਂ ਹਨ ਉਨ੍ਹਾਂ ਨਾਲ ਸਿੱਖ ਕੌਮ ਦਾ ਨੁਕਸਾਨ ਹੋਵੇਗਾ। ਜਦੋਂ ਪਿਛਲੇ ਜਥੇਦਾਰ ਚੁਣੇ ਗਏ ਤਾਂ ਪੰਥ ਉਦੋਂ ਵੀ ਹਾਜ਼ਰ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਹਾਜ਼ਰ ਸਨ।
ਪਿਛਲੇ ਸਾਰੇ ਜਥੇਦਾਰ ਬਾਦਲ ਪਰਿਵਾਰ ਦੀ ਮਰਜ਼ੀ ਨਾਲ ਲਗਾਏ ਗਏ ਸਨ, ਪੰਥ ਦੀ ਮਰਜ਼ੀ ਨਾਲ ਨਹੀਂ ਲਗਾਏ ਗਏ ਸੀ। ਜਦੋਂ 2 ਦਸੰਬਰ 2024 ਨੂੰ ਬਾਦਲ ਪਰਿਵਾਰ ਨੂੰ ਸਜ਼ਾ ਸੁਣਾਈ ਗਈ ਸੀ ਉਦੋਂ ਉਨ੍ਹਾਂ ਨੇ ਮੰਨ ਕੇ ਵੀ ਨਹੀਂ ਮੰਨਿਆ ਸੀ ਤਾਂ ਜਥੇਦਾਰਾਂ ਨੂੰ ਉਦੋਂ ਹੀ ਵੱਡਾ ਕਦਮ ਚੁੱਕਣਾ ਚਾਹੀਦਾ ਸੀ। ਬਾਦਲਾਂ ਨੇ ਸਿੱਧੇ ਰਸਤੇ ਨਹੀਂ ਚਲਣਾ, ਉਨ੍ਹਾਂ ਨੇ ਤਾਂ ਸਾਰੀਆਂ ਮਰਿਆਦਾ ਖ਼ਤਮ ਕਰ ਕੇ ਰੱਖ ਦਿਤੀ ਹੈ। ਇਨ੍ਹਾਂ ਨੂੰ ਸੁਧਾਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੁੱਝ ਕਰਨਾ ਪਵੇਗਾ।