ਨਵੀਂ ਦਿੱਲੀ: ਦਿੱਲੀ ਜੇਲ੍ਹ ਵਿਭਾਗ ਨੇ ਜੇਲ੍ਹਾਂ ’ਚ ਕੈਦੀਆਂ ਵਲੋਂ ਲੁਕਾਏ ਮੋਬਾਈਲ ਫੋਨਾਂ ਅਤੇ ਧਾਤ ਦੀਆਂ ਵਸਤਾਂ ਦਾ ਪਤਾ ਲਗਾਉਣ ਲਈ ਇਕ ਅਮਰੀਕੀ ਕੰਪਨੀ ਤੋਂ 10 ‘ਡਿਟੈਕਟਰ’ (ਉਪਕਰਨ) ਖਰੀਦੇ ਹਨ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਡਿਟੈਕਟਰ ਜ਼ਮੀਨ ਜਾਂ ਕੰਕਰੀਟ ’ਚ ਦੋ ਫੁੱਟ ਦੀ ਡੂੰਘਾਈ ਤਕ ਲੁਕਾਈਆਂ ਵਸਤਾਂ ਦਾ ਵੀ ਪਤਾ ਲਗਾ ਸਕਦੇ ਹਨ। ਅਧਿਕਾਰੀ ਨੇ ਕਿਹਾ, ‘‘ਅਸੀਂ 2021 ’ਚ ਦੋ ਨਾਨ-ਲੀਨੀਅਰ ਜੰਕਸ਼ਨ ਡਿਟੈਕਟਰ ਖਰੀਦੇ ਸਨ ਅਤੇ ਉਨ੍ਹਾਂ ਨੂੰ ਅਜ਼ਮਾਇਸ਼ ਦੇ ਅਧਾਰ ’ਤੇ ਵਰਤਿਆ ਸੀ। ਨਤੀਜਾ ਬਹੁਤ ਤਸੱਲੀਬਖਸ਼ ਰਿਹਾ, ਜਿਸ ਤੋਂ ਬਾਅਦ ਵਿਭਾਗ ਨੇ ਅਮਰੀਕਾ ਸਥਿਤ ਸੰਸਥਾ ਓਰੀਅਨ ਤੋਂ ਹੋਰ ਉਪਕਰਣ ਖਰੀਦਣ ਦਾ ਫੈਸਲਾ ਕੀਤਾ।’’
ਉਨ੍ਹਾਂ ਦਸਿਆ ਕਿ ਹਰ ਉਪਕਰਨ ਦੀ ਕੀਮਤ 15 ਲੱਖ ਰੁਪਏ ਹੈ ਅਤੇ ਵਿਭਾਗ ਵਲੋਂ ਅਜਿਹੇ 10 ਉਪਕਰਨਾਂ ਲਈ ਡੇਢ ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਜ਼ੋ-ਸਾਮਾਨ ਹਾਲ ਹੀ ’ਚ ਖਰੀਦ ਕੇ ਜੇਲ੍ਹਾਂ ’ਚ ਵੰਡਿਆ ਗਿਆ ਹੈ।
ਉਨ੍ਹਾਂ ਕਿਹਾ, ‘‘ਇਹ ਯੰਤਰ ਕੰਕਰੀਟ ਅਤੇ ਮਿੱਟੀ ’ਚ ਇਕ ਤੋਂ ਦੋ ਫੁੱਟ ਦੀ ਡੂੰਘਾਈ ’ਚ ਲੁਕੇ ਮੋਬਾਈਲ ਫੋਨ, ਸਿਮ ਕਾਰਡ ਅਤੇ ਧਾਤਾਂ ਦਾ ਪਤਾ ਲਗਾ ਸਕਦਾ ਹੈ।’’ ਦਿੱਲੀ ਦੀਆਂ ਜੇਲ੍ਹਾਂ – ਤਿਹਾੜ, ਮੰਡੋਲੀ ਅਤੇ ਰੋਹਿਣੀ – ’ਚ 10,026 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ। ਹਾਲਾਂਕਿ, ਅਧਿਕਾਰੀ ਅਨੁਸਾਰ, ਇਸ ਸਮੇਂ ਇਨ੍ਹਾਂ ਤਿੰਨਾਂ ਜੇਲ੍ਹਾਂ ’ਚ 17,906 ਵਿਚਾਰ ਅਧੀਨ ਕੈਦੀ ਅਤੇ 2,165 ਦੋਸ਼ੀ ਬੰਦ ਹਨ।