ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ‘ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੌਕਰੀ ਤੋਂ ਕੱਢੇ ਗਏ ਨੌਕਰ ਨੇ ਮਾਲਕ ਦੇ ਟੈਂਟ ਹਾਊਸ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ। ਅੱਗ ਲਗਾਉਣ ਦਾ ਜੁਰਮ ਕਰਨ ਤੋਂ ਪਹਿਲਾਂ ਨੌਕਰ ਨੇ ਵੀਡੀਓ ਬਣਾਈ ਅਤੇ ਫਿਰ ਗੋਦਾਮ ਨੂੰ ਸਾੜ ਦਿੱਤਾ। ਫਿਲਹਾਲ ਪੁਲਿਸ ਜਾਂਚ ‘ਚ ਜੁਟੀ ਹੋਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਰਾਤ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਦੇ ਸਦਾ ਸ਼ਿਵ ਐਨਕਲੇਵ ਵਿੱਚ ਸਥਿਤ ਇੱਕ ਟੈਂਟ ਹਾਊਸ ਦੇ ਗੋਦਾਮ ਨੂੰ ਨੌਕਰੀ ਤੋਂ ਕੱਢੇ ਇੱਕ ਵਿਅਕਤੀ ਨੇ ਅੱਗ ਲਗਾ ਦਿੱਤੀ। ਅੱਗ ਲਗਾਉਣ ਵਾਲੇ ਵਿਅਕਤੀ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਵੀਡੀਓ ਬਣਾਈ ਅਤੇ ਟੈਂਟ ਹਾਊਸ ਦੇ ਮਾਲਕ ਨੂੰ ਵੀ ਭੇਜ ਦਿੱਤੀ ਪਰ ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੇ ਤਾਂ ਅੱਗ ਲਗਾਉਣ ਵਾਲਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਗੁਆਂਢੀਆਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ ‘ਤੇ ਜ਼ੀਰਕਪੁਰ ਤੋਂ ਦੋ ਅਤੇ ਪੰਚਕੂਲਾ ਤੋਂ ਇੱਕ ਫਾਇਰ ਟੈਂਡਰ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਅੱਗ ਲੱਗਣ ਕਾਰਨ ਗੋਦਾਮ ਵਿੱਚ ਟੈਂਟ ਵਿੱਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਮਾਮਲੇ ਦੀ ਸ਼ਿਕਾਇਤ ਬਲਟਾਣਾ ਪੁਲਿਸ ਨੂੰ ਦਿੱਤੀ ਗਈ। ਮਾਲਕ ਅਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਉਸ ਦੇ ਭਤੀਜੇ ਹਰਸ਼ ਜਿੰਦਲ ਦਾ ਟੈਂਟ ਦਾ ਕਾਰੋਬਾਰ ਹੈ ਅਤੇ ਉਹ ਸ਼ਿਵ ਐਨਕਲੇਵ ਵਿੱਚ ਸਮਾਨ ਰੱਖਣ ਲਈ ਹਮੇਸ਼ਾ ਹੀ ਕਿਰਾਏ ‘ਤੇ ਗੋਦਾਮ ਲੈਂਦਾ ਹੈ। ਰਾਤ ਕਰੀਬ 2 ਵਜੇ ਗੋਦਾਮ ਮਾਲਕ ਦਾ ਫੋਨ ਆਇਆ ਅਤੇ ਉਸ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ। ਇਸ ਦੇ ਨਾਲ ਹੀ ਗੁਆਂਢੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਅਜੇ ਗੁਪਤਾ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਨੇ ਵਿਕਾਸ ਨਾਂ ਦੇ ਵਿਅਕਤੀ ਨੂੰ ਲੇਬਰ ਦੇ ਕੰਮ ਲਈ ਰੱਖਿਆ ਸੀ, ਜਿਸ ਦਾ ਮੈਨੇਜਰ ਨਾਲ ਉਸ ਦੀ ਤਨਖਾਹ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਮੈਨੇਜਰ ਨੇ ਉਸ ਦੀ ਤਨਖਾਹ ਰੋਕ ਦਿੱਤੀ ਸੀ ਅਤੇ ਉਸ ਨੇ ਪੰਚਕੂਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿੱਥੇ ਪੁਲਿਸ ਅਧਿਕਾਰੀ ਨੇ ਆਪਣੀ ਹਾਜ਼ਰੀ ‘ਚ ਤਨਖਾਹ ਦੇਣ ਲਈ ਕਿਹਾ ਸੀ।
ਬੀਤੀ ਰਾਤ ਮੁਲਜ਼ਮ ਵਿਕਾਸ ਸ਼ਰਾਬ ਦੇ ਨਸ਼ੇ ਵਿੱਚ ਗੋਦਾਮ ਵਿੱਚ ਆਇਆ। ਜਦੋਂ ਉਸ ਨੂੰ ਉੱਥੇ ਮੌਜੂਦ ਮਜ਼ਦੂਰਾਂ ਨੇ ਰੋਕਿਆ ਤਾਂ ਉਹ ਸਿੱਧਾ ਗੋਦਾਮ ਵਿੱਚ ਦਾਖਲ ਹੋ ਗਿਆ ਅਤੇ ਅੱਗ ਲਗਾ ਦਿੱਤੀ। ਮੁਲਜ਼ਮ ਨੇ ਇਸ ਦੀ ਵੀਡੀਓ ਵੀ ਬਣਾਈ। ਅੱਗ ਲੱਗਣ ਕਾਰਨ ਗੋਦਾਮ ਵਿੱਚ ਰੱਖਿਆ 20 ਤੋਂ 22 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।