ਬੀਜਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ’ਤੇ ਚੀਨ ਦੇ ਇਤਰਾਜ਼ਾਂ ਨੂੰ ਭਾਰਤ ਵਲੋਂ ਖਾਰਜ ਕੀਤੇ ਜਾਣ ਦੇ ਕੁੱਝ ਦਿਨਾਂ ਬਾਅਦ ਚੀਨੀ ਫੌਜ ਨੇ ਅੱਜ ਸੂਬੇ ’ਤੇ ਅਪਣਾ ਦਾਅਵਾ ਦੁਹਰਾਇਆ ਕਿ ‘ਇਹ ਚੀਨ ਦੀ ਜ਼ਮੀਨ ਦਾ ਕੁਦਰਤੀ ਹਿੱਸਾ’ ਹੈ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਸ਼ਿਆਓਗਾਂਗ ਨੇ ਕਿਹਾ ਕਿ ਜਿਜੀਜੰਗ ਦਾ ਦਖਣੀ ਹਿੱਸਾ (ਤਿੱਬਤ ਲਈ ਚੀਨੀ ਨਾਮ) ਚੀਨ ਦੇ ਖੇਤਰ ਦਾ ਅੰਦਰੂਨੀ ਹਿੱਸਾ ਹੈ ਅਤੇ ਬੀਜਿੰਗ ‘ਕਦੇ ਵੀ ਭਾਰਤ ਵਲੋਂ ਗੈਰ-ਕਾਨੂੰਨੀ ਤੌਰ ’ਤੇ ਸਥਾਪਤ ਅਖੌਤੀ ‘ਅਰੁਣਾਚਲ ਪ੍ਰਦੇਸ਼’ ਨੂੰ ਮਨਜ਼ੂਰੀ ਨਹੀਂ ਦਿੰਦਾ ਅਤੇ ਇਸ ਦਾ ਸਖਤ ਵਿਰੋਧ ਕਰਦਾ ਹੈ।’
ਚੀਨੀ ਰੱਖਿਆ ਮੰਤਰਾਲੇ ਦੀ ਵੈੱਬਸਾਈਟ ’ਤੇ ਸ਼ੁਕਰਵਾਰ ਨੂੰ ਸਾਂਝੀ ਕੀਤੀ ਗਈ ਇਕ ਖ਼ਬਰ ਮੁਤਾਬਕ ਝਾਂਗ ਨੇ ਇਹ ਟਿਪਣੀ ਅਰੁਣਾਚਲ ਪ੍ਰਦੇਸ਼ ’ਚ ਸੇਲਾ ਸੁਰੰਗ ਰਾਹੀਂ ਭਾਰਤ ਵਲੋਂ ਅਪਣੀ ਫੌਜੀ ਤਿਆਰੀ ਵਧਾਉਣ ਦੇ ਜਵਾਬ ’ਚ ਕੀਤੀ। ਚੀਨ, ਜੋ ਅਰੁਣਾਚਲ ਪ੍ਰਦੇਸ਼ ਨੂੰ ਦਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ, ਅਪਣੇ ਦਾਅਵਿਆਂ ਨੂੰ ਰੇਖਾਂਕਿਤ ਕਰਨ ਲਈ ਭਾਰਤੀ ਨੇਤਾਵਾਂ ਦੇ ਰਾਜ ਦੇ ਦੌਰਿਆਂ ’ਤੇ ਨਿਯਮਤ ਤੌਰ ’ਤੇ ਇਤਰਾਜ਼ ਕਰਦਾ ਹੈ। ਬੀਜਿੰਗ ਨੇ ਇਸ ਖੇਤਰ ਦਾ ਨਾਮ ਜਾਂਗਨਾਨ ਰੱਖਿਆ ਹੈ।
ਭਾਰਤ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਖੇਤਰੀ ਦਾਅਵਿਆਂ ਨੂੰ ਵਾਰ-ਵਾਰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਦੇਸ਼ ਦਾ ਅਨਿੱਖੜਵਾਂ ਅੰਗ ਹੈ। ਨਵੀਂ ਦਿੱਲੀ ਨੇ ਵੀ ਖੇਤਰ ਨੂੰ ‘ਮਨਘੜਤ’ ਬਣਾਉਣ ਦੇ ਚੀਨ ਦੇ ਕਦਮ ਨੂੰ ਰੱਦ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਇਸ ਨੇ ਅਸਲੀਅਤ ਨੂੰ ਨਹੀਂ ਬਦਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ 9 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ’ਚ 13,000 ਫੁੱਟ ਦੀ ਉਚਾਈ ’ਤੇ ਬਣੀ ਸੇਲਾ ਸੁਰੰਗ ਰਾਸ਼ਟਰ ਨੂੰ ਸਮਰਪਿਤ ਕੀਤੀ ਸੀ।
ਇਹ ਰਣਨੀਤਕ ਤੌਰ ’ਤੇ ਮਹੱਤਵਪੂਰਨ ਤਵਾਂਗ ਨੂੰ ਹਰ ਮੌਸਮ ’ਚ ਸੰਪਰਕ ਪ੍ਰਦਾਨ ਕਰੇਗਾ ਅਤੇ ਸਰਹੱਦੀ ਖੇਤਰ ’ਚ ਫ਼ੌਜੀਆਂ ਦੀ ਸੁਚਾਰੂ ਆਵਾਜਾਈ ’ਚ ਸਹਾਇਤਾ ਕਰੇਗਾ। ਮੋਦੀ ਦੀ ਯਾਤਰਾ ਦਾ ਜ਼ਿਕਰ ਕੀਤੇ ਬਿਨਾਂ ਝਾਂਗ ਨੇ ਕਿਹਾ ਕਿ ਭਾਰਤੀ ਪੱਖ ਦੀਆਂ ਕਾਰਵਾਈਆਂ ਸਰਹੱਦ ’ਤੇ ਤਣਾਅ ਦੀ ਸਥਿਤੀ ਨੂੰ ਘੱਟ ਕਰਨ ਲਈ ਦੋਹਾਂ ਧਿਰਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਉਲਟ ਹਨ ਅਤੇ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਅਨੁਕੂਲ ਨਹੀਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਹੱਦੀ ਸਥਿਤੀ ਆਮ ਤੌਰ ’ਤੇ ਸਥਿਰ ਹੈ ਅਤੇ ਦੋਹਾਂ ਧਿਰਾਂ ਵਿਚਾਲੇ ਸਾਂਝੀ ਚਿੰਤਾ ਦੇ ਸਰਹੱਦੀ ਮੁੱਦਿਆਂ ’ਤੇ ਪ੍ਰਭਾਵਸ਼ਾਲੀ ਕੂਟਨੀਤਕ ਅਤੇ ਫੌਜੀ ਸੰਚਾਰ ਹੁੰਦਾ ਹੈ।
यह भी पढ़े: ਝਾਰਖੰਡ ਪੀਐਸਸੀ ਦੀ ਮੁੱਢਲੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ, ਉਮੀਦਵਾਰਾਂ ਦਾ ਦੋਸ਼!