ਐਸ.ਏ.ਐਸ. ਨਗਰ : ਚਿੱਟ ਫੰਡ ਦੇ ਨਾਂ ’ਤੇ ਕਰੀਬ 198 ਕਰੋੜ ਦੀ ਠੱਗੀ ਮਾਰਨ ਦੇ ਮਾਮਲੇ ’ਚ ਮੁਹਾਲੀ ਪੁਲਿਸ ਵਲੋਂ ਜਿਥੇ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਉਥੇ ਹੀ 3 ਮੁਲਜਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਸ਼ਾਮ ਸ਼ਰਮਾ ਵਾਸੀ ਮੰਡੀ ਗੋਬਿੰਦਗੜ੍ਹ ਹਾਲ ਵਾਸੀ ਜੀਰਕਪੁਰ, ਸੁਨੀਲ ਕੁਮਾਰ ਵਾਸੀ ਪਿੰਡ ਪੁਠਿਆਣਾ ਜਿਲਾ ਹਮੀਰਪੁਰ ਹਿਮਾਚਲ ਪ੍ਰਦੇਸ਼ ਹਾਲ ਵਾਸੀ ਧਨਾਸ ਅਤੇ ਅਸ਼ਵਨੀ ਕੁਮਾਰ ਵਾਸੀ ਹਮੀਰਪੁਰ ਹਾਲ ਵਾਸੀ ਧਨਾਸ ਚੰਡੀਗੜ੍ਹ ਵਜੋਂ ਹੋਈ ਹੈ।
ਇਸ ਸਬੰਧੀ ਜਿਲਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦਸਿਆ ਕਿ ਉਕਤ ਮੁਲਜਮਾਂ ਫੋਨ ਰਾਹੀਂ ਲੋਕਾਂ ਨੂੰ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਪੈਸੇ ਹਾਸਲ ਕਰਨ ਉਪਰੰਤ ਠੱਗੀ ਮਾਰਦੇ ਸਨ। ਉਕਤ ਮੁਲਜਮਾਂ ਵਲੋਂ ਸਾਲ 2019 ’ਚ ਕੋਰਵਿਉ ਕੁਆਇਨ ਦੇ ਨਾਮ ’ਤੇ ਇਕ ਸਕੀਮ ਸ਼ੁਰੂ ਕੀਤੀ ਸੀ। ਇਸ ਸਕੀਮ ਦੇ ਤਹਿਤ ਲੋਕਾਂ ਨੂੰ ਉਤਸ਼ਾਹਿਤ ਕਰਕੇ ਘੱਟ ਸਮੇਂ ਵਿਚ ਪੈਸੇ ਦੁੱਗਣੇ ਕਰਨ, ਕਮਿਸ਼ਨ ਦੇਣ ਅਤੇ ਹੋਰਨਾਂ ਮੈਂਬਰਾਂ ਨੂੰ ਜੋੜਨ ਦਾ ਲਾਲਚ ਦੇ ਕੇ ਧੋਖਾਧੜੀ ਕਰਦੇ ਸਨ।
ਲੋਕਾਂ ਵਲੋਂ ਜਦੋਂ ਸਮਾਂ ਪੂਰਾ ਹੋਣ ’ਤੇ ਆਪਣੇ ਪੈਸੇ ਮੰਗੇ ਤਾਂ ਉਕਤ ਮੁਲਜਮਾਂ ਨੇ 2021 ’ਚ ਡੀ.ਜ.ਟੀ ਕੁਆਇਨ ਦੇ ਨਾਮ ’ਤੇ ਨਵੀਂ ਸਕੀਮ ਸ਼ੁਰੂ ਕਰਕੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਣਾ ਸ਼ੁਰੂ ਕਰ ਦਿਤਾ। ਇਸੇ ਤਰਾਂ ਮੁਲਜਮਾਂ ਨੇ 2022 ’ਚ ਹੇਪੈਨਐਕਸ ਕੁਆਇਨ ਅਤੇ ਸਾਲ 2023 ’ਚ ਏ ਗਲੋਬਲ ਸਕੀਮ ਸ਼ੁਰੂ ਕਰਕੇ ਲੋਕਾਂ ਨੂੰ ਕਈ ਗੁਣਾ ਪੈਸੇ ਕਮਾਉਣ ਦਾ ਲਾਲਚ ਦੇ ਕੇ ਆਪਣੇ ਜਾਲ ’ਚ ਫਸਾਉਣਾ ਸ਼ੁਰੂ ਕਰ ਦਿਤਾ।
ਜਿਲਾ ਪੁਲਿਸ ਮੁਖੀ ਨੇ ਅੱਗੇ ਦਸਿਆ ਕਿ ਇਸ ਮਾਮਲੇ ਦਾ ਮੁਖ ਮੁਲਜਮ ਸੁਭਾਸ਼ ਸ਼ਰਮਾ ਜੋ ਕਿ ਇਸ ਚਿੱਟ ਫੰਡ ਕੰਪਨੀ ਨੂੰ ਚਲਾ ਰਿਹਾ ਸੀ, ਭਿਣਕ ਪੈਣ ’ਤੇ ਵਿਦੇਸ਼ ਫ਼ਰਾਰ ਹੋ ਗਿਆ ਹੈ, ਜਿਸ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ। ਉਨਾਂ ਦਸਿਆ ਕਿ ਮੁਲਜਮ ਸੁਨੀਲ ਕੁਮਾਰ ਹਿਮਾਚਲ ਪ੍ਰਦੇਸ਼ ਪੁਲਿਸ ਵਿਚ ਨੌਕਰੀ ਕਰਦਾ ਸੀ ਅਤੇ ਉਸ ਨੇ 2021 ’ਚ ਰਿਟਾਇਰਮੈਂਟ ਲੈ ਲਈਲ ਅਤੇ ਉਕਤ ਚਿੱਟ ਫੰਡ ਕੰਪਨੀ ਚਲਾਉਣ ਲਗ ਪਿਆ। ਮੁਲਜਮਾਂ ਵਲੋਂ ਸ਼ੁਰੂਆਤ ਵਿਚ ਕਰਿਪਟੋ ਕਰੰਸੀ ’ਚ ਲੱਖਾਂ ਰੁਪਏ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ।
ਮੁਖ ਮੁਲਜਮ ਸੁਭਾਸ਼ ਸ਼ਰਮਾ ਦੀ ਜਿਲਾ ਮੁਹਾਲੀ ਦੀ ਪ੍ਰਾਪਰਟੀ ਸੀਲ ਕਰਨ ਦੀ ਤਿਆਰੀ
ਮੁਹਾਲੀ ਪੁਲਿਸ ਵਲੋਂ ਚਿੱਟ ਫੰਡ ਕੰਪਨੀ ਦੇ ਮੁਖ ਮੁਲਜਮ ਸੁਭਾਸ਼ ਸ਼ਰਮਾ ਦੀ ਜਿਲਾ ਮੁਹਾਲੀ ਵਿਚ ਰਿਹਾਇਸ਼ੀ ਅਤੇ ਕਮਰਸ਼ਲ 6 ਪ੍ਰਾਪਰਟੀਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਗਈ ਹੈ। ਜਿਲਾ ਪੁਲਿਸ ਮੁਖੀ ਮੁਤਾਬਕ ਉਕਤ ਪ੍ਰਾਪਰਟੀਆਂ ਨੂੰ ਅਟੈਚ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਗ੍ਰਿਫਤਾਰ ਮੁਲਜਮਾਂ ਕੋਲੋਂ 5 ਮੋਬਾਇਲ ਫੋਨ, 2 ਲੈਪਟਾਪ, 10 ਚੈੱਕਬੁੱਕਾਂ, 13 ਏ.ਟੀ.ਐਮ ਕਾਰਡ ਅਤੇ ਪੀੜਤਾਂ ਵਲੋਂ ਕੰਪਨੀ ਵਿਚ ਲਗਾਏ ਗਏ ਪੈਸਿਆਂ ਸਬੰਧੀ ਦਸਤਾਵੇਜ ਬਰਾਮਦ ਕੀਤੇ ਗਏ ਹਨ।