ਲਗਭਗ 50,000 ਡਾਲਰ ਦੀ ਸ਼ਰਾਬ ਚੋਰੀ ਦੇ ਮਾਮਲੇ ਵਿਚ ਕੈਨੇਡਾ ਪੁਲਿਸ ਨੇ 4 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਬਰੈਂਪਟਨ ਵਾਸੀ ਚਾਰ ਵਿਅਕਤੀਆਂ ‘ਤੇ ਯੌਰਕ ਰੀਜਨ ਵਿਚ $50,000 ਦੇ ਕਰੀਬ ਮੁੱਲ ਦੀ ਵੱਡੇ ਪੱਧਰ ‘ਤੇ ਸ਼ਰਾਬ ਦੀਆਂ ਚੋਰੀਆਂ ਦੇ ਸਬੰਧ ਵਿਚ ਇਲਜ਼ਾਮ ਲਗਾਏ ਗਏ ਹਨ। ਮੁਲਜ਼ਮਾਂ ਵਿਚ ਸ਼ਮਸ਼ੇਰ ਸਿੰਘ (26), ਜਸਵਿੰਦਰ ਸਿੰਘ (55), ਲਵਪ੍ਰੀਤ ਸਿੰਘ (27) ਅਤੇ ਸ਼ਹਿਨਾਜਦੀਪ ਸਿੰਘ ਬਰਾੜ (25) ਸ਼ਾਮਲ ਹਨ।
ਯੌਰਕ ਰੀਜਨਲ ਪੁਲਿਸ 2 ਨੇ ਇਕ ਨਿਊਜ਼ ਰੀਲੀਜ਼ ਵਿਚ ਕਿਹਾ, ਸਰਗਰਮ ਗਸ਼ਤ ‘ਤੇ ਜਾਂਚਕਰਤਾਵਾਂ ਨੇ ਵੀਰਵਾਰ, 14 ਦਸੰਬਰ ਨੂੰ ਰਾਤ 8:30 ਵਜੇ ਰਿਚਮੰਡ ਹਿੱਲ ਵਿਚ ਯੋਂਗ ਸਟ੍ਰੀਟ ਅਤੇ ਹਾਈ ਟੈਕ ਰੋਡ ‘ਤੇ ਇਕ LCBO (ਲੀਕਰ ਕੰਟਰੋਲ ਬੋਰਡ ਉਂਟਾਰੀਉ) ਦੇ ਪਿਛਲੇ ਦਰਵਾਜ਼ੇ ਵਿਚ ਕਈ ਸ਼ੱਕੀ ਵਿਅਕਤੀਆਂ ਨੂੰ ਦਾਖਲ ਹੁੰਦੇ ਦੇਖਿਆ।
ਪੁਲਿਸ ਨੇ ਕਿਹਾ ਕਿ ਸ਼ੱਕੀ ਲੋਕਾਂ ਨੇ ਸ਼ਰਾਬ ਦੇ ਕਈ ਕੇਸ ਰੱਖੇ ਅਤੇ ਫਿਰ ਉਨ੍ਹਾਂ ਨੂੰ ਬਾਹਰ ਲੈ ਗਏ, ਜਦਕਿ ਤਿੰਨ ਹੋਰ ਸਟੋਰ ਵਿਚ ਸਨ। ਇਸ ਮਗਰੋਂ ਸਾਰੇ ਚਾਰ ਸ਼ੱਕੀ ਸਟੋਰ ਤੋਂ ਬਾਹਰ ਨਿਕਲੇ, ਇਕ ਵਾਹਨ ਵਿਚ ਸ਼ਰਾਬ ਦੇ ਕੇਸਾਂ ਨੂੰ ਲੋਡ ਕੀਤਾ।
ਸ਼ੱਕੀਆਂ ਦਾ ਪਿੱਛਾ ਮਿਸੀਸਾਗਾ ਵਿਚ ਇਕ ਪਾਰਕਿੰਗ ਵਿਚ ਕੀਤਾ ਗਿਆ, ਜਿਥੇ ਉਹ ਇਕ ਸ਼ਿਪਿੰਗ ਕੰਟੇਨਰ ਵਿਚ ਸ਼ਰਾਬ ਲੋਡ ਕਰਦੇ ਹੋਏ ਦੇਖੇ ਗਏ। ਪੁਲਿਸ ਨੇ ਦਸਿਆ ਕਿ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੱਡੀ ਮਾਤਰਾ ‘ਚ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਅੱਗੇ ਦਸਿਆ ਕਿ ਕੈਨੇਡੀਅਨ ਮੁਦਰਾ ਵਿਚ ਲਗਭਗ $20,000 ਅਤੇ ਨਸ਼ੀਲੇ ਪਦਾਰਥਾਂ ਦੀ ਇਕ ਖੇਪ, ਜੋ ਕਿ ਮੈਥਾਮਫੇਟਾਮਾਈਨ ਅਤੇ ਹੈਰੋਇਨ ਹੋਣ ਦਾ ਸ਼ੱਕ ਹੈ, ਜ਼ਬਤ ਕੀਤਾ ਗਿਆ ਹੈ।