ਆਮ ਆਦਮੀ ਪਾਰਟੀ (ਆਪ) ਨੇ ਸੰਜੇ ਸਿੰਘ ਦੀ ਥਾਂ ਅਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ’ਚ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਦੇ ਚੇਅਰਮੈਨ ਨੂੰ ਲਿਖੀ ਚਿੱਠੀ ’ਚ ‘ਆਪ’ ਲੀਡਰਸ਼ਿਪ ਨੇ ਕਿਹਾ ਹੈ ਕਿ ਸੰਜੇ ਸਿੰਘ ਦੀ ਗੈਰ-ਹਾਜ਼ਰੀ ’ਚ ਰਾਘਵ ਚੱਢਾ ਉੱਚ ਸਦਨ ’ਚ ਪਾਰਟੀ ਦੇ ਨੇਤਾ ਹੋਣਗੇ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਇਸ ਸਮੇਂ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਜੇਲ੍ਹ ਅੰਦਰ ਹਨ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਚੱਢਾ ਨੂੰ ਸਦਨ ਦਾ ਨੇਤਾ ਨਿਯੁਕਤ ਕਰਨ ਲਈ ‘ਆਪ’ ਤੋਂ ਇਕ ਚਿੱਠੀ ਮਿਲੀ ਹੈ। ਲਾਗੂ ਕਰਨ ਲਈ ਚਿੱਠੀ ਰਾਜ ਸਭਾ ਦੇ ਸਕੱਤਰ ਜਨਰਲ ਕੋਲ ਹੈ।
ਚੱਢਾ ਰਾਜ ਸਭਾ ਦੇ ਸਭ ਤੋਂ ਘੱਟ ਉਮਰ ਦੇ ਮੈਂਬਰਾਂ ’ਚੋਂ ਇਕ ਹਨ।
ਇਸ ਸਮੇਂ ਉੱਚ ਸਦਨ ’ਚ ‘ਆਪ’ ਦੇ ਕੁਲ 10 ਮੈਂਬਰ ਹਨ। ਰਾਜ ਸਭਾ ’ਚ ਮੈਂਬਰਾਂ ਦੀ ਗਿਣਤੀ ਦੇ ਮਾਮਲੇ ’ਚ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਤੋਂ ਬਾਅਦ ‘ਆਪ’ ਚੌਥੀ ਸਭ ਤੋਂ ਵੱਡੀ ਪਾਰਟੀ ਹੈ।