Army soldier Shaheed in Rajouri: ਰਾਏਕੋਟ ਅਧੀਨ ਪੈਂਦੇ ਕਸਬਾ ਗੁਰੂਸਰ ਸੁਧਾਰ ਲਾਗਲੇ ਪਿੰਡ ਅਕਾਲਗੜ੍ਹ ਕਲਾਂ ਦੇ 29 ਸਾਲਾ ਫੌਜੀ ਜਵਾਨ ਬਲਵੀਰ ਸਿੰਘ ਦੀ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਅਚਾਨਕ ਗੋਲ਼ੀ ਲੱਗਣ ਕਾਰਨ ਸ਼ਹੀਦ ਹੋ ਗਿਆ। ਜਿਸ ਦੀ ਮ੍ਰਿਤਕ ਦੇਹ ਬਾਅਦ ਦੁਪਿਹਰ ਜੱਦੀ ਪਿੰਡ ਪੁੱਜਣ ’ਤੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਬਲਬੀਰ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ।
ਜਿਸ ਦੌਰਾਨ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਹੀਦ ਦੀ ਬਟਾਲੀਅਨ ਦੇ ਫੌਜੀ ਜਵਾਨਾਂ ਅਤੇ ਸੈਂਕੜਿਆਂ ਦੀ ਗਿਣਤੀ ’ਚ ਇਕੱਤਰ ਹੋਏ ਇਲਾਕਾ ਵਾਸੀਆਂ ਨੇ ਸ਼ਹੀਦ ਬਲਬੀਰ ਸਿੰਘ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਅਤੇ ‘ਸ਼ਹੀਦ ਬਲਵੀਰ ਸਿੰਘ ਅਮਰ ਰਹੇ’ ਦੇ ਨਾਅਰੇ ਲਾਏ, ਉਥੇ ਮਾਪਿਆਂ ਦੇ ਇਕਲੌਤੇ ਪੁੱਤ ਸ਼ਹੀਦ ਬਲਵੀਰ ਸਿੰਘ ਦੀ ਮ੍ਰਿਤਕ ਪੁੱਜਣ ’ਤੇ ਸ਼ਹੀਦ ਦੀ ਮਾਤਾ ਸਵਰਨਜੀਤ ਕੌਰ ਅਤੇ ਭੈਣ ਜਸਵਿੰਦਰ ਕੌਰ ਦਾ ਵਿਰਲਾਪ ਦੇਖ ਕੇ ਹਰ ਅੱਖ’’ਚੋਂ ਆਪ ਮੁਹਾਰੇ ਅੱਥਰੂ ਵਹਿ ਤੁਰੇ। ਇਸ ਮੌਕੇ ਪੁੱਤ ਦੀ ਸ਼ਹਾਦਤ ’ਤੇ ਮਾਣ ਕਰਦਿਆਂ ਏਅਰ ਫੋਰਸ ’ਚੋਂ ਸੇਵਾ ਮੁਕਤ ਪਿਤਾ ਪ੍ਰੀਤਮ ਸਿੰਘ ਨੇ ਨਮ ਅੱਖਾਂ ਨਾਲ ਸਲੂਟ ਮਾਰ ਕੇ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸ਼ਹੀਦ ਬਲਵੀਰ ਸਿੰਘ ਦੀ ਦੇਹ ਨੂੰ 3 ਸਿੱਖ ਲਾਈਟ ਇਨਫੈਂਟਰੀ ਦੇ ਸੂਬੇਦਾਰ ਗੁਰਦੀਪ ਸਿੰਘ ਦੀ ਅਗਵਾਈ ’ਚ ਆਈ ਸੈਨਿਕ ਟੁਕੜੀ ਨੇ ਸਲਾਮੀ ਦਿੱਤੀ। ਇਸ ਤੋਂ ਪਹਿਲਾਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਬਲਾਕ ਆਪ ਪ੍ਰਧਾਨ ਰਮੇਸ਼ ਜੈਨ, ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਜਥੇਦਾਰ ਗੁਰਚੀਨ ਸਿੰਘ ਰੱਤੋਵਾਲ, ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ, ਸਾਬਕਾ ਸੈਨਿਕ ਭਲਾਈ ਐਸੋਸੀਏਸ਼ਨ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵਲੋਂ ਥਾਣਾ ਸੁਧਾਰ ਦੇ ਏਐਸਆਈ ਰਾਜਦੀਪ ਸਿੰਘ ਨੇ ਸ਼ਹੀਦ ਦੀ ਮਿ੍ਰਤਕ ਦੇਹ ’ਤੇ ਫੁੱਲ ਮਲਾਵਾਂ ਅਰਪਿਤ ਕਰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਅਤੇ ਸੂਬੇਦਾਰ ਹਰਮਿੰਦਰ ਸਿੰਘ ਮਾਹੀ ਅਤੇ ਹਾਜ਼ਿਰ ਲੋਕਾਂ ਨੇ ਪੰਜਾਬ ਸਰਕਾਰ ਤੋਂ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ 1 ਕਰੋੜ ਦੀ ਐਕਸਗ੍ਰੇਸ਼ੀਆ ਗ੍ਰਾਂਟ ਦੀ ਮੰਗ ਕੀਤੀ ਗਈ।29 ਸਾਲਾ ਸ਼ਹੀਦ ਬਲਵੀਰ ਸਿੰਘ ਅਜੇ ਕੁਆਰਾ ਹੀ ਸੀ ਅਤੇ 10 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ, ਜਿਸ ਨੇ ਤਿੰਨ ਦਿਨ ਪਹਿਲਾਂ ਆਪਣਾ ਮਾਂ ਨਾਲ ਫੋਨ ’ਤੇ ਗੱਲ ਕਰਕੇ ਅਗਲੇ ਹਫਤੇ ਛੁੱਟੀ ਆਉਣ ਬਾਰੇ ਆਖਿਆ ਸੀ।
यह भी पढ़े: ਇਸ ਕੰਪਨੀ ’ਤੇ RBI ਨੇ ਸੋਨੇ ਬਦਲੇ ਕਰਜ਼ੇ ਵੰਡਣ ਤੋਂ ਲਾਈ ਤੁਰੰਤ ਰੋਕ, ਡਿਫ਼ਾਲਟਰਾਂ ਨਾਲ ਹੋ ਰਹੀਆਂ ਸਨ ਬੇਨਿਯਮੀਆਂ