ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਚੋਣਾਂ ਨੂੰ ਲੈ ਕੇ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਫ਼ਰਵਰੀ ਮਹੀਨੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਹਨ। ਇਸ ਸਬੰਧੀ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਦੀ ਚਿੱਠੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਸੂਚੀ ਤਿਆਰ ਕਰਨ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। 26 ਦਸੰਬਰ 2023 ਤੱਕ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਮਿਤੀ ਹੋਵੇਗੀ ਤੇ 16 ਜਨਵਰੀ 2024 ਨੂੰ ਵੋਟਰ ਸੂਚੀ ਦਾ ਕੰਮ ਮੁਕੰਮਲ ਹੋ ਜਾਵੇਗਾ।
ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੂੰ 12 ਸਾਲ ਬੀਤ ਚੁੱਕੇ ਹਨ। ਇਸ ਤੋਂ ਪਹਿਲਾਂ 2011 ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਸਨ। ਜਿਸ ਵਿੱਚ 52 ਲੱਖ ਤੋਂ ਵੱਧ ‘ਯੋਗ’ ਵੋਟਰਾਂ ਨੇ ਭਾਗ ਲਿਆ। ਉਦੋਂ ਤੋਂ ਲੈ ਕੇ ਹੁਣ ਤੱਕ 2011 ਵਿਚ ਚੁਣੀ ਗਈ ਇਹੀ ਸੰਸਥਾ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਕਰਦੀ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੀਂਆਂ ਵੋਟਾਂ ਬਣਾਉਣ ਤੇ ਵੋਟਰ ਸੂਚੀ ਵਿਚ ਸੁਧਾਈ ਦੀ ਪ੍ਰਕਿਰਿਆ 21 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ।
ਨਾਲ ਹੀ ਦੱਸ ਦੇਈਏ ਕਿ ਵੋਟ ਪਾਉਣ ਤੇ ਬਣਵਾਉਣ ਲਈ ਨਿਯਮ ਵੀ ਬਣਾਏ ਗਏ ਹਨ ਕਿ ਵੋਟ ਪਾਉਣ ਤੇ ਬਣਵਾਉਣ ਵਾਲਾ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ ਤੇ ਉਹ ਅਪਣੇ ਕੇਸ ਕਤਲ ਨਾ ਕਰਵਾਉਂਦਾ ਹੋਵੇ ਤੇ ਨਾ ਹੀ ਬੀੜੀ, ਤੰਬਾਕੂ ਆਦਿ ਦਾ ਸੇਵਨ ਕਰਦਾ ਹੋਵੇ।
यह भी पढ़े: ਸ਼ਿਵ ਸੈਨਾ ਸੰਸਦ ਮੈਂਬਰ ਨੇ ਹਸਪਤਾਲ ਦੇ ਡੀਨ ਤੋਂ ਕਰਵਾਈ ਪਖਾਨੇ ਦੀ ਸਫਾਈ, ਐਫ਼.ਆਈ.ਆਰ. ਦਰਜ