ਕੈਨੇਡਾ ਅਤੇ ਅਮਰੀਕਾ ਨੇ ਜਿਥੇ ਨਿਯਮ ਸਖਤ ਕਰਕੇ ਮੁਲਕ ਵਿਚ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ, ਉਥੇ ਹੀ ਆਸਟਰੇਲੀਆਂ ਤੋਂ ਰਾਹਤ ਦੀ ਖਬਰ ਆਈ ਹੈ। ਆਸਟਰੇਲੀਆ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ ਇਥੋਂ ਦੀ ਸਰਕਾਰ ਵੱਲੋਂ ਨਵੇਂ ਨਿਯਮ ਬਣਾਏ ਜਾ ਰਹੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਇਸ ਮੁਲਕ ਉਚ ਪੱਕੇ ਤੌਰ ਉਤੇ ਰਹਿਣ ਦਾ ਰਾਹ ਪੱਧਰਾ ਹੋਵੇਗਾ। ਇਹ ਖ਼ੁਲਾਸਾ ‘ਸਿਡਨੀ ਮੌਰਨਿੰਗ ਹੈਰਲਡ’ ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਦਰਅਸਲ, ‘ਅਸਲ ਵਿਦਿਆਰਥੀ ਟੈਸਟ’ ਦੇਸ਼ ਵਿਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਬਿਹਤਰ ਢੰਗ ਨਾਲ ਫਿਲਟਰ ਕਰਦਾ ਹੈ। ਸਰਕਾਰ ਦਾ ਇਹ ਨਿਯਮ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਪੜ੍ਹਾਈ ਖ਼ਤਮ ਹੋਣ ਮਗਰੋਂ ਆਪਣੇ ਮੁਲਕ ਪਰਤ ਜਾਣਗੇ ਪਰ ਹੁਣ ਉਹ ਇਹ ਮੱਦ ਖਤਮ ਕਰਨ ਜਾ ਰਹੀ ਹੈ। ਹੁਣ ਵਿਦਿਆਰਥੀਆਂ ਉਤੇ ਨਿਰਭਰ ਹੋਵੇਗਾ ਕਿ ਉਹ ਮੁਲਕ ਵਿਚ ਪੱਕੇ ਤੌਰ ਉਤੇ ਰਹਿਣ ਲਈ ਵੀਜ਼ਾ ਸ਼ਰਤਾਂ ਨਾਲ ਸਬੰਧਤ ਨਿਯਮਾਂ ਦਾ ਪਾਲਣ ਕਰਨ।