Electoral bonds: ਚੋਣ ਕਮਿਸ਼ਨ ਨੇ ਵੀਰਵਾਰ (14 ਮਾਰਚ) ਨੂੰ ਅਪਣੀ ਵੈੱਬਸਾਈਟ ‘ਤੇ ਚੁਣਾਵੀ ਬਾਂਡ ਦੇ ਸਾਰੇ ਅੰਕੜੇ ਜਾਰੀ ਕਰ ਦਿਤੇ ਹਨ। ਵੈੱਬਸਾਈਟ ‘ਤੇ 763 ਪੰਨਿਆਂ ਦੀਆਂ ਦੋ ਸੂਚੀਆਂ ਅਪਲੋਡ ਕੀਤੀਆਂ ਗਈਆਂ ਹਨ। ਇਕ ਸੂਚੀ ਵਿਚ ਬਾਂਡ ਖਰੀਦਣ ਵਾਲਿਆਂ ਬਾਰੇ ਜਾਣਕਾਰੀ ਸ਼ਾਮਲ ਹੈ। ਦੂਜੇ ਵਿਚ ਰਾਜਨੀਤਿਕ ਪਾਰਟੀਆਂ ਦੁਆਰਾ ਪ੍ਰਾਪਤ ਬਾਂਡਾਂ ਦੇ ਵੇਰਵੇ ਸ਼ਾਮਲ ਹਨ। ਸੁਪਰੀਮ ਕੋਰਟ ਨੇ ਕਮਿਸ਼ਨ ਨੂੰ ਇਹ ਡਾਟਾ 15 ਮਾਰਚ ਤਕ ਜਨਤਕ ਕਰਨ ਦਾ ਹੁਕਮ ਦਿਤਾ ਸੀ।
ਇਸ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ (SBI) ਦੇ ਚੇਅਰਮੈਨ ਦਿਨੇਸ਼ ਕੁਮਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕੀਤਾ ਸੀ। ਇਸ ਵਿਚ ਦਸਿਆ ਗਿਆ ਕਿ ਸੁਪਰੀਮ ਕੋਰਟ ਦੀਆਂ 11 ਮਾਰਚ ਦੀਆਂ ਹਦਾਇਤਾਂ ਅਨੁਸਾਰ ਚੋਣ ਬਾਂਡ ਨਾਲ ਸਬੰਧਤ ਉਪਲਬਧ ਜਾਣਕਾਰੀ ਚੋਣ ਕਮਿਸ਼ਨ ਨੂੰ ਦੇ ਦਿਤੀ ਗਈ ਹੈ।
ਐਸਬੀਆਈ ਚੇਅਰਮੈਨ ਨੇ ਕਿਹਾ, ‘ਅਸੀਂ ਈਸੀਆਈ ਨੂੰ ਪੈਨ ਡਰਾਈਵ ਵਿਚ ਦੋ ਫਾਈਲਾਂ ਦਿਤੀਆਂ ਹਨ। ਇਕ ਫਾਈਲ ਵਿਚ ਬਾਂਡ ਖਰੀਦਣ ਵਾਲਿਆਂ ਦੇ ਵੇਰਵੇ ਹੁੰਦੇ ਹਨ। ਇਸ ਵਿਚ ਬਾਂਡ ਦੀ ਖਰੀਦ ਦੀ ਮਿਤੀ ਅਤੇ ਰਕਮ ਦਾ ਜ਼ਿਕਰ ਹੈ। ਦੂਜੀ ਫਾਈਲ ਵਿਚ ਰਾਜਨੀਤਿਕ ਪਾਰਟੀਆਂ ਦੁਆਰਾ ਬਾਂਡ ਨੂੰ ਕੈਸ਼ ਕਰਨ ਬਾਰੇ ਜਾਣਕਾਰੀ ਹੈ। ਲਿਫਾਫੇ ਵਿਚ 2 PDF ਫਾਈਲਾਂ ਵੀ ਹਨ। ਇਹ ਪੀਡੀਐਫ ਫਾਈਲਾਂ ਪੈਨ ਡਰਾਈਵ ਵਿਚ ਵੀ ਰੱਖੀਆਂ ਗਈਆਂ ਹਨ, ਇਨ੍ਹਾਂ ਨੂੰ ਖੋਲ੍ਹਣ ਦਾ ਪਾਸਵਰਡ ਵੀ ਲਿਫਾਫੇ ਵਿਚ ਦਿਤਾ ਗਿਆ ਹੈ’।
ਐਸਬੀਆਈ ਦੇ ਹਲਫਨਾਮੇ ਦੇ ਅਨੁਸਾਰ, 1 ਅਪ੍ਰੈਲ, 2019 ਤੋਂ 15 ਫਰਵਰੀ, 2024 ਤਕ 22 ਹਜ਼ਾਰ 217 ਚੋਣ ਬਾਂਡ ਖਰੀਦੇ ਗਏ ਸਨ। ਇਨ੍ਹਾਂ ਵਿਚੋਂ 22,030 ਬਾਂਡਾਂ ਦੇ ਪੈਸੇ ਸਿਆਸੀ ਪਾਰਟੀਆਂ ਨੇ ਨਗਦ ਕਰਵਾਏ ਹਨ। ਪਾਰਟੀਆਂ ਨੇ 15 ਦਿਨਾਂ ਦੀ ਵੈਧਤਾ ਦੇ ਅੰਦਰ 187 ਬਾਂਡਾਂ ਨੂੰ ਕੈਸ਼ ਨਹੀਂ ਕੀਤਾ, ਜਿਸ ਦੀ ਰਕਮ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਟਰਾਂਸਫਰ ਕੀਤੀ ਗਈ ਸੀ।