Wednesday, April 24, 2024
Homeपंजाबਲੁਧਿਆਣਾ 'ਚ ਸਟਾਫ ਨਰਸ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ’ਚ SMO ’ਤੇ...

ਲੁਧਿਆਣਾ ‘ਚ ਸਟਾਫ ਨਰਸ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ’ਚ SMO ’ਤੇ ਲਗਾਏ ਇਲਜ਼ਾਮ

 ਲੁਧਿਆਣਾ ‘ਚ ਇਕ ਸਟਾਫ ਨਰਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮ੍ਰਿਤਕ ਨਰਸ ਦੇ ਕਮਰੇ ‘ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਸੁਸਾਈਡ ਨੋਟ ‘ਚ ਉਸ ਨੇ ਐਸਐਮਓ ਸਮੇਤ 6-7 ਲੋਕਾਂ ਦੇ ਨਾਂ ਲਿਖੇ ਹਨ, ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਪਣੀ ਜ਼ਿੰਦਗੀ ਖਤਮ ਕਰ ਲਈ। ਐਸਐਮਓ ’ਤੇ ਉਸ ਨੂੰ ਕਈ ਘੰਟੇ ਦਫ਼ਤਰ ਵਿਚ ਖੜ੍ਹੇ ਕਰ ਕੇ ਜ਼ਲੀਲ ਕਰਨ ਦਾ ਇਲਜ਼ਾਮ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਅਮਨਦੀਪ ਕੌਰ ਪਿਛਲੇ 27 ਸਾਲਾਂ ਤੋਂ ਸਿਹਤ ਵਿਭਾਗ ਵਿਚ ਕੰਮ ਕਰ ਰਹੀ ਸੀ। ਕਰੀਬ 5 ਮਹੀਨੇ ਪਹਿਲਾਂ ਅਮਨਦੀਪ ਨੂੰ ਨਰਸਿੰਗ ਸਿਸਟਰ ਵਜੋਂ ਤਰੱਕੀ ਦਿਤੀ ਗਈ ਸੀ। ਅਮਨਦੀਪ ਸੀਐਚਸੀ ਹਸਪਤਾਲ ਪੱਖੋਵਾਲ ਵਿਖੇ ਤਾਇਨਾਤ ਸੀ। ਉਹ ਪਿਛਲੇ 5 ਮਹੀਨਿਆਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।

ਮ੍ਰਿਤਕ ਨਰਸ ਦੇ ਪਤੀ ਜਗਤਾਰ ਸਿੰਘ ਨੇ ਦਸਿਆ ਕਿ ਉਹ ਪੀਏਯੂ ਵਿਚ ਮਕੈਨਿਕ ਦਾ ਕੰਮ ਕਰਦਾ ਹੈ। ਉਸ ਦਾ ਵਿਆਹ ਕਰੀਬ 23 ਸਾਲ ਪਹਿਲਾਂ 18 ਫਰਵਰੀ 2001 ਨੂੰ ਅਮਨਦੀਪ ਨਾਲ ਹੋਇਆ ਸੀ। ਅਮਨਦੀਪ ਬਬੀਹਾ ਭਾਈ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ। ਅਮਨਦੀਪ ਅਪਣੇ ਪਿੱਛੇ ਦੋ ਬੇਟੇ ਅਨੰਤਜੋਤ ਸਿੰਘ ਅਤੇ ਅਜੀਮਜੋਤ ਛੱਡ ਗਈ ਹੈ। ਪਰਵਾਰ ਦਾ ਇਲਜ਼ਾਮ ਹੈ ਕਿ ਐਸਐਮਓ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਮਨਦੀਪ ਅਪਣੇ ਦੋਵੇਂ ਪੁੱਤਰਾਂ ਨਾਲ ਘਰ ਵਿਚ ਮੌਜੂਦ ਸੀ। ਅਮਨਦੀਪ ਨੇ ਬੱਚਿਆਂ ਨੂੰ ਕਿਹਾ ਕਿ ਉਹ ਪਹਿਲੀ ਮੰਜ਼ਿਲ ‘ਤੇ ਮਸ਼ੀਨ ‘ਚ ਕੱਪੜੇ ਧੋਣ ਜਾ ਰਹੀ ਹੈ। ਜਦੋਂ ਕੁੱਝ ਦੇਰ ਤਕ ਮਸ਼ੀਨ ਚੱਲਣ ਅਤੇ ਅਮਨਦੀਪ ਦੀ ਕੋਈ ਆਵਾਜ਼ ਨਾ ਆਈ ਤਾਂ ਅਨੰਤਜੋਤ ਉਪਰ ਚਲਾ ਗਿਆ। ਉਸ ਨੇ ਦੇਖਿਆ ਕਿ ਅਮਨਦੀਪ ਪੱਖੇ ਨਾਲ ਲਟਕ ਰਹੀ ਸੀ।

ਅਨੰਤਜੋਤ ਨੇ ਰੌਲਾ ਪਾਇਆ ਤਾਂ ਸਾਰੇ ਕਮਰੇ ਅੰਦਰ ਜਾ ਕੇ ਹੱਕੇ-ਬੱਕੇ ਰਹਿ ਗਏ। ਅਮਨਦੀਪ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਡੀਐਮਸੀ ਹਸਪਤਾਲ ਵਿਚ ਰਖਵਾਇਆ ਹੈ।

ਭਲਕੇ ਅਮਨਦੀਪ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦੂਜੇ ਪਾਸੇ ਕਮਰੇ ਵਿਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਪੁਲਿਸ ਨੇ ਐਸਐਮਓ ਨੀਲਮ ਸਮੇਤ 6 ਤੋਂ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਵਾਰ ਦਾ ਕਹਿਣਾ ਹੈ ਕਿ ਐਸਐਮਓ ਨੀਲਮ ਅਮਨਦੀਪ ਕੌਰ ਨੂੰ ਕਈ ਘੰਟੇ ਅਪਣੇ ਦਫ਼ਤਰ ਵਿਚ ਖੜ੍ਹਾ ਕਰ ਕੇ ਜ਼ਲੀਲ ਕਰਦੀ ਰਹਿੰਦੀ ਸੀ। ਜਦੋਂ ਵੀ ਉਸ ਨੇ ਐਸਐਮਓ ਤੋਂ ਛੁੱਟੀ ਮੰਗੀ ਤਾਂ ਉਸ ਦੀ ਛੁੱਟੀ ਰੱਦ ਕਰ ਦਿਤੀ ਗਈ। ਇਸ ਮਾਮਲੇ ਸਬੰਧੀ ਐਸਐਚਓ ਹਰਸ਼ਦੀਪ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

यह भी पढ़े: Punjab Vigilance Bureau: ਮਕਾਨ ਉਸਾਰੀ ਦੀਆਂ ਗ੍ਰਾਂਟਾਂ ਗਬਨ ਕਰਨ ਦੇ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

RELATED ARTICLES

Most Popular