Canada Declared 22 January Special Day: ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਅੱਜ ਯਾਨੀ ਸੋਮਵਾਰ (22 ਜਨਵਰੀ) ਨੂੰ ਹੋਣ ਜਾ ਰਹੀ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ‘ਤੇ ਦੇਸ਼ ਹੀ ਨਹੀਂ ਸਗੋਂ ਹੋਰ ਦੇਸ਼ਾਂ ‘ਚ ਵੀ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਇਸ ਦੌਰਾਨ ਅਮਰੀਕਾ ਦੇ ਗੁਆਂਢੀ ਦੇਸ਼ ਕੈਨੇਡਾ ਵਿੱਚ ਵੀ ਰਾਮ ਮੰਦਰ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪਿਛਲੇ ਸਾਲ ਸਤੰਬਰ ਤੋਂ ਭਾਰਤ ਤੇ ਕੈਨੇਡਾ ਦੇ ਸਬੰਧ ਚੰਗੇ ਨਹੀਂ ਹਨ। ਇਸ ਦੇ ਬਾਵਜੂਦ ਜਸਟਿਨ ਟਰੂਡੋ ਦੀ ਸਰਕਾਰ ਨੇ ਹਿੰਦੂ ਧਰਮ ਨੂੰ ਧਿਆਨ ਵਿੱਚ ਰੱਖਦਿਆਂ 22 ਜਨਵਰੀ ਨੂੰ ਵਿਸ਼ੇਸ਼ ਦਿਨ ਐਲਾਨਣ ਦਾ ਫੈਸਲਾ ਕੀਤਾ ਹੈ।
ਕੈਨੇਡਾ ਦੇ ਓਂਟਾਰੀਓ ਸਥਿਤ ਓਕਵਿਲ ਤੇ ਬਰੈਂਪਟਨ ਸ਼ਹਿਰਾਂ ਨੇ ਅਧਿਕਾਰਤ ਤੌਰ ‘ਤੇ 22 ਜਨਵਰੀ ਨੂੰ ਵਿਸ਼ੇਸ਼ ਦਿਨ ਵਜੋਂ ਘੋਸ਼ਿਤ ਕੀਤਾ ਹੈ। ਓਕਵਿਲੇ ਦੇ ਮੇਅਰ ਰੌਬ ਬਰਟਨ ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ 22 ਜਨਵਰੀ ਦੀ ਮਹੱਤਤਾ ਨੂੰ ਦੇਖਦੇ ਹੋਏ ਹਿੰਦੂ ਭਾਈਚਾਰੇ ਦੀ ਆਸਥਾ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਨੇ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਦੇ ਸੱਭਿਆਚਾਰਕ, ਧਾਰਮਿਕ ਤੇ ਇਤਿਹਾਸਕ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਰਾਮ ਮੰਦਰ ਦੇ ਉਦਘਾਟਨ ਨੂੰ ਸ਼ਾਂਤੀ, ਏਕਤਾ ਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਦਾ ਸਬੂਤ ਦੱਸਿਆ।
500 ਸਾਲਾਂ ਦਾ ਇੰਤਜ਼ਾਰ ਖਤਮ
ਕੈਨੇਡਾ ਦੀਆਂ ਸਥਾਨਕ ਸਰਕਾਰਾਂ ਨੇ 22 ਜਨਵਰੀ, 2024 ਨੂੰ ਰਾਮ ਮੰਦਰ ਦੇ ਉਦਘਾਟਨ ਨਾਲ ਸਬੰਧਤ ਮਹੱਤਵਪੂਰਨ ਮੌਕੇ ਦੇ ਸਨਮਾਨ ਵਿੱਚ ਵਿਸ਼ੇਸ਼ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। 500 ਸਾਲ ਦੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ‘ਚ ਰਾਮ ਮੰਦਰ ਦਾ ਉਦਘਾਟਨ ਹੋਣ ਵਾਲਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਅਗਵਾਈ ਕਰਨਗੇ, ਜੋ ਸਦੀਆਂ ਪੁਰਾਣੇ ਸੁਪਨਿਆਂ ਤੇ ਅਕਾਂਖਿਆਵਾਂ ਦੀ ਸਮਾਪਤੀ ਦਾ ਪ੍ਰਤੀਕ ਹੋਵੇਗਾ।
ਇਸ ਮੌਕੇ ਦੇਸ਼-ਵਿਦੇਸ਼ ਤੋਂ ਪਤਵੰਤੇ ਸੱਜਣਾਂ ਨੂੰ ਪਵਿੱਤਰ ਪੁਰਬ ਲਈ ਸੱਦਾ ਦਿੱਤਾ ਗਿਆ ਹੈ। ਦੂਜੇ ਦੇਸ਼ਾਂ ਵਿੱਚ ਵੀ ਰਾਮ ਮੰਦਰ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਅਮਰੀਕਾ, ਬੁਡਾਪੇਸਟ, ਬ੍ਰਿਟੇਨ ਸਮੇਤ ਹੋਰ ਦੇਸ਼ਾਂ ‘ਚ ਰਾਮ ਮੰਦਰ ਦੀ ਪਵਿੱਤਰਤਾ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਹੈ। ਇਸ ਮੌਕੇ ਬ੍ਰਿਟੇਨ ਤੇ ਅਮਰੀਕਾ ਵਿੱਚ ਭਗਵਾਨ ਸ਼੍ਰੀ ਰਾਮ ਦੇ ਵੱਡੇ-ਵੱਡੇ ਬੈਨਰ ਲਗਾਏ ਗਏ ਹਨ।