ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਰਣੌਤ ਨੂੰ ਭਾਜਪਾ ਉਮੀਦਵਾਰ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਉਸ ਸਮੇਂ ਵੱਡਾ ਵਿਵਾਦ ਖੜਾ ਹੋ ਗਿਆ, ਜਦੋਂ ਕਾਂਗਰਸ ਦੀ ਕੌਮੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਬਾਲੀਵੁੱਡ ਅਦਾਕਾਰਾ ’ਤੇ ‘ਜਿਨਸੀ ਦੂਸ਼ਣਬਾਜ਼ੀ ਅਤੇ ਗਾਲ੍ਹਾਂ ਭਰਪੂਰ’ ਪੋਸਟ ਸਾਂਝੀ ਕੀਤੀ ਗਈ।
ਇਸ ਪੋਸਟ ’ਚ ਕੰਗਨਾ ਰਣੌਤ ਦੀ ਇਕ ਬਹੁਤ ਘੱਟ ਕਪੜਿਆਂ ਵਾਲੀ ਤਸਵੀਰ ਵਿਖਾਈ ਗਈ ਹੈ ਅਤੇ ਇਸ ਹੇਠ ਭੱਦੀ ਸ਼ਬਦਾਵਲੀ ਲਿਖੀ ਗਈ। ਪੋਸਟ ਤੇ ਐਕਸ ’ਤੇ ਪੋਸਟ ਕੀਤੇ ਗਏ ਇਕ ਸੰਦੇਸ਼ ਵਿਚ ਰਣੌਤ ਨੇ ਸ਼੍ਰੀਨੇਤ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਨੂੰ ‘ਸੈਕਸ ਵਰਕਰਾਂ ਦੀ ਚੁਨੌਤੀਪੂਰਨ ਜ਼ਿੰਦਗੀ ਜਾਂ ਹਾਲਾਤ ਨੂੰ ਕਿਸੇ ਕਿਸਮ ਦੀ ਦੁਰਵਿਵਹਾਰ ਜਾਂ ਟਿਪਣੀ ਵਜੋਂ ਵਰਤਣ ਤੋਂ ਪਰਹੇਜ਼’ ਕਰਨਾ ਚਾਹੀਦਾ ਹੈ।
ਇਸ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਹੰਗਾਮਾ ਹੋਇਆ ਸੀ ਪਰ ਸ਼੍ਰੀਨੇਤ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਪੋਸਟ ਨੂੰ ਹਟਾ ਦਿਤਾ ਗਿਆ ਹੈ। ਉਸ ਨੇ ਐਕਸ ’ਤੇ ਲਿਖਿਆ: ‘‘ਜਿਸ ਵਿਅਕਤੀ ਕੋਲ ਮੇਰੇ ਮੈਟਾ ਅਕਾਊਂਟ (ਫੇਸਬੁੱਕ ਅਤੇ ਇੰਸਟਾ) ਤਕ ਪਹੁੰਚ ਸੀ, ਉਸ ਨੇ ਬਿਲਕੁਲ ਘਿਨਾਉਣੀ ਅਤੇ ਇਤਰਾਜ਼ਯੋਗ ਪੋਸਟ ਪੋਸਟ ਕੀਤੀ, ਜਿਸ ਨੂੰ ਹਟਾ ਦਿਤਾ ਗਿਆ ਹੈ। ਜੋ ਕੋਈ ਵੀ ਮੈਨੂੰ ਜਾਣਦਾ ਹੈ ਉਹ ਜਾਣੇਗਾ ਕਿ ਮੈਂ ਕਦੇ ਵੀ ਕਿਸੇ ਔਰਤ ਲਈ ਅਜਿਹਾ ਨਹੀਂ ਕਹਾਂਗਾ। ਹਾਲਾਂਕਿ, ਟਵਿੱਟਰ (@Supriyaparody) ’ਤੇ ਇਕ ਪੈਰੋਡੀ ਅਕਾਊਂਟ ਚਲਾਇਆ ਜਾ ਰਿਹਾ ਹੈ, ਜਿਸ ਨੇ ਸਾਰੀ ਸ਼ਰਾਰਤ ਸ਼ੁਰੂ ਕੀਤੀ ਅਤੇ ਰੀਪੋਰਟ ਕੀਤੀ ਜਾ ਰਹੀ ਹੈ।’’
ਇੰਸਟਾਗ੍ਰਾਮ ’ਤੇ ਸ਼੍ਰੀਨੇਤ ਦੀ ਪੋਸਟ, ਜਿਸ ਨੂੰ ਹੁਣ ਡਿਲੀਟ ਕਰ ਦਿਤਾ ਗਿਆ ਹੈ, ’ਚ ਰਣੌਤ ਦੀ ਤਸਵੀਰ ਦੇ ਨਾਲ ਪੁਛਿਆ ਗਿਆ, ‘‘ਕੀ ਕੀਮਤ ਚਲ ਰਹੀ ਹੈ ਮੰਡੀ ’ਚ, ਕੋਈ ਦਸੇਗਾ?’’ ਇਸ ਪੋਸਟ ’ਤੇ ਭਾਜਪਾ ਅਤੇ ਰਣੌਤ ਨੇ ਤਿੱਖੀ ਪ੍ਰਤੀਕਿਰਿਆ ਦਿਤੀ। ਬਾਲੀਵੁੱਡ ਅਦਾਕਾਰਾ ਨੇ ਐਕਸ ’ਤੇ ਅਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ‘ਹਰ ਔਰਤ ਅਪਣੀ ਇੱਜ਼ਤ ਦੀ ਹੱਕਦਾਰ ਹੈ।’
ਰਨੌਤ ਨੈ ਕਿਹਾ, ‘‘ਪਿਆਰੀ ਸੁਪ੍ਰਿਆ ਜੀ, ਇਕ ਕਲਾਕਾਰ ਵਜੋਂ ਅਪਣੇ ਪਿਛਲੇ 20 ਸਾਲਾਂ ਦੇ ਕਰੀਅਰ ’ਚ ਮੈਂ ਹਰ ਤਰ੍ਹਾਂ ਦੀਆਂ ਔਰਤਾਂ ਦਾ ਕਿਰਦਾਰ ਨਿਭਾਇਆ ਹੈ। ਰਾਣੀ ’ਚ ਇਕ ਭੋਲੀ-ਭਾਲੀ ਕੁੜੀ ਤੋਂ ਧਾਕੜ ’ਚ ਇਕ ਮੋਹਕ ਜਾਸੂਸ ਤਕ, ਮਣੀਕਰਣਿਕਾ ’ਚ ਦੇਵੀ ਤੋਂ ਲੈ ਕੇ ਚੰਦਰਮੁਖੀ ’ਚ ਰਾਖਸ ਤਕ, ਰੱਜੋ ’ਚ ਵੇਸਵਾ ਤੋਂ ਲੈ ਕੇ ਥਲਾਈਵੀ ’ਚ ਇਕ ਕ੍ਰਾਂਤੀਕਾਰੀ ਨੇਤਾ ਤਕ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਅਪਣੀਆਂ ਧੀਆਂ ਨੂੰ ਪੱਖਪਾਤ ਦੇ ਬੰਧਨਾਂ ਤੋਂ ਮੁਕਤ ਕਰਨਾ ਚਾਹੀਦਾ ਹੈ, ਸਾਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਬਾਰੇ ਉਤਸੁਕਤਾ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਸੱਭ ਤੋਂ ਵੱਧ ਸਾਨੂੰ ਸੈਕਸ ਵਰਕਰਾਂ ਨੂੰ ਜ਼ਿੰਦਗੀ ਜਾਂ ਹਾਲਾਤ ਨੂੰ ਚੁਨੌਤੀ ਦੇਣ ਵਾਲੇ ਕਿਸੇ ਕਿਸਮ ਦੇ ਸੋਸ਼ਣ ਜਾਂ ਗਾਲ੍ਹਾਂ ਵਜੋਂ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਰ ਔਰਤ ਅਪਣੀ ਇੱਜ਼ਤ ਦੀ ਹੱਕਦਾਰ ਹੈ।’’
ਇਸ ਦੌਰਾਨ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸ਼੍ਰੀਨੇਤ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ। ਮਾਲਵੀਆ ਨੇ ਕਿਹਾ, ‘‘ਕਾਂਗਰਸ ਦੀ ਸੁਪ੍ਰਿਆ ਸ਼੍ਰੀਨੇਤ ਨੇ ਇਕ ਇੰਸਟਾ ਪੋਸਟ ’ਚ ਕੰਗਨਾ ਰਣੌਤ ’ਤੇ ਅਪਮਾਨਜਨਕ ਟਿਪਣੀ ਕੀਤੀ ਹੈ। ਇਹ ਇੰਨਾ ਘਿਨਾਉਣਾ ਹੈ ਕਿ ਕੋਈ ਵੀ ਇਹ ਪੁੱਛਣ ਤੋਂ ਬਿਨਾਂ ਨਹੀਂ ਰਹਿ ਸਕਦਾ ਕਿ ਕਾਂਗਰਸ ਇਕ ਥਾਂ ’ਤੇ ਇੰਨੀ ਗੰਦਗੀ ਕਿਵੇਂ ਇਕੱਠੀ ਕਰਦੀ ਹੈ? ਜੇਕਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪਾਰਟੀ ’ਚ ਕੋਈ ਗੱਲ ਹੈ ਤਾਂ ਉਨ੍ਹਾਂ ਨੂੰ ਤੁਰਤ ਬਰਖਾਸਤ ਕਰਨਾ ਚਾਹੀਦਾ ਹੈ ਨਹੀਂ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ।’’
ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪੱਤਰਕਾਰ ਮ੍ਰਿਣਾਲ ਪਾਂਡੇ ਨੇ ਲਿਖਿਆ, ‘‘ਹਾਂ, ਮੈਂ ਇਕ ਘਰੇਲੂ ਔਰਤ ਹਾਂ। ਹਿੰਦੀ ਅਖ਼ਬਾਰ ਪੜ੍ਹ ਕੇ, ਮੈਂ ਖ਼ੁਦ ਨੂੰ ਬਾਜ਼ਾਰ ’ਚ ਉਪਲਬਧ ਵਸਤੂਆਂ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਬਾਰੇ ਰੋਜ਼ਾਨਾ ਸੂਚਿਤ ਕਰਦੀ ਹਾਂ। ਤੁਹਾਡੀ ਦਿਲਚਸਪੀ ਹੋਰ ਕਿਸਮਾਂ ਦੇ ਬਾਜ਼ਾਰਾਂ ’ਚ ਹੋ ਸਕਦੀ ਹੈ, ਮੇਰੀ ਨਹੀਂ!’’ ਉਨ੍ਹਾਂ ਦੀ ਪ੍ਰਤੀਕਿਰਿਆ ਉਸ ਸਮੇਂ ਆਈ ਜਦੋਂ ਰਣੌਤ ਨੂੰ ਨਿਸ਼ਾਨਾ ਬਣਾਉਣ ਵਾਲੀ ਉਸ ਦੀ ਸੋਸ਼ਲ ਮੀਡੀਆ ਪੋਸਟ ਨੂੰ ‘ਐਕਸ’ ਪ੍ਰਯੋਗਕਰਤਾਵਾਂ ਵਲੋਂ ਤਿੱਖੀ ਆਲੋਚਨਾ ਕੀਤੀ ਗਈ। ਇਸ ਦੇ ਨਾਲ ਹੀ ਨੇਟੀਜ਼ਨਾਂ ਨੇ ਸ਼੍ਰੀਨੇਤ ਵਲੋਂ ਦਿਤੇ ਗਏ ਸਪਸ਼ਟੀਕਰਨ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿਤਾ।
ਕਈ ਸੋਸ਼ਲ ਮੀਡੀਆ ਪ੍ਰਯੋਗਕਰਤਾਵਾਂ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਨੂੰ ਨਿਸ਼ਾਨਾ ਬਣਾਉਣ ਵਾਲੀ ਨਿੰਦਣਯੋਗ ਪੋਸਟ ਪਹਿਲਾਂ ਹੀ ਨੁਕਸਾਨ ਪਹੁੰਚਾ ਚੁਕੀ ਹੈ, ਹੁਣ ਅਜਿਹਾ ਸਪੱਸ਼ਟੀਕਰਨ ਦੇਣ ਦਾ ਕੋਈ ਮਤਲਬ ਨਹੀਂ ਹੈ। ਕੁੱਝ ਲੋਕਾਂ ਦੇ ਅਨੁਸਾਰ, ਜਿਹੜੇ ਸਿਆਸੀ ਨੇਤਾ ਕਿਸੇ ਵੀ ਉੱਘੀ ਸ਼ਖਸੀਅਤ ਨੂੰ ਟ੍ਰੋਲ ਕਰਦੇ ਹਨ, ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਗਲਤ ਅਭਿਆਸਾਂ ਨੂੰ ਲੈ ਕੇ ਸ਼ਰਮਨਾਕ ਸਥਿਤੀ ’ਚ ਪਾਏ ਜਾਣ ਤੋਂ ਬਾਅਦ ਅਜਿਹੇ ਤਰਕ ਅਤੇ ਸਪਸ਼ਟੀਕਰਨ ਦਾ ਸਹਾਰਾ ਲੈਣ ਦੀ ਆਦਤ ਹੁੰਦੀ ਹੈ। ਗੁੱਸੇ ਦੇ ਵਿਚਕਾਰ, ਸ਼੍ਰੀਨੇਤ ਨੇ ਅਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਨੂੰ ਡਿਲੀਟ ਕਰ ਦਿਤਾ ਅਤੇ ਦਾਅਵਾ ਕੀਤਾ ਕਿ ਉਸ ਦਾ ਮੈਟਾ ਅਕਾਊਂਟ ਹੈਕ ਹੋ ਗਿਆ ਸੀ। ਪੋਸਟ ਵਾਇਰਲ ਹੋਣ ਤੋਂ ਬਾਅਦ ਭਾਜਪਾ ਨੇ ਸ਼੍ਰੀਨੇਤ ’ਤੇ ਤਿੱਖਾ ਹਮਲਾ ਕੀਤਾ ਅਤੇ ਉਸ ’ਤੇ ਪੋਸਟ ਦੇ ਸਕ੍ਰੀਨਸ਼ਾਟ ਫੈਲਾਉਣ ਦਾ ਦੋਸ਼ ਲਾਇਆ, ਜਿਸ ਨੂੰ ਉਸ ਨੇ ਡਿਲੀਟ ਕਰਨ ਦਾ ਦਾਅਵਾ ਕੀਤਾ ਸੀ।