ਬਾਲਟੀਮੋਰ : ਬਾਲਟੀਮੋਰ ’ਚ ਸੋਮਵਾਰ ਦੇਰ ਰਾਤ ਇਕ ਮਾਲਬਰਦਾਰ ਜਹਾਜ਼ ਇਕ ਵੱਡੇ ਪੁਲ ਨਾਲ ਟਕਰਾ ਗਿਆ, ਜਿਸ ਕਾਰਨ ਪੁਲ ਢਹਿ ਗਿਆ ਅਤੇ ਹੇਠਾਂ ਨਦੀ ’ਚ ਡਿੱਗ ਗਿਆ। ਕਈ ਪੁਲ ’ਤੇ ਚਲ ਰਹੀਆਂ ਕਈ ਗੱਡੀਆਂ ਠੰਢੇ ਪਾਣੀ ’ਚ ਡਿੱਗ ਗਗਈਆਂ ਅਤੇ ਬਚਾਅ ਟੀਮਾਂ ਜਿਊਂਦਾ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਇਹ ਸਪੱਸ਼ਟ ਨਹੀਂ ਹੈ ਕਿ ਕਾਰਗੋ ਜਹਾਜ਼ ਸਵੇਰ ਦੇ ਸਫ਼ਰ ਤੋਂ ਬਹੁਤ ਪਹਿਲਾਂ ਫਰਾਂਸਿਸ ਸਕਾਟ ਬ੍ਰਿਜ ਨਾਲ ਟਕਰਾਉਣ ਦਾ ਕਾਰਨ ਕੀ ਸੀ। ਦੋ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਹੋਰ ਕਿੰਨੇ ਲੋਕ ਪਾਣੀ ’ਚ ਡਿੱਗੇ ਹੋਣਗੇ। ਜਹਾਜ਼ ਪੁਲ ਦੇ ਇਕ ਥੰਮ੍ਹ ਨਾਲ ਟਕਰਾ ਗਿਆ, ਜਿਸ ਕਾਰਨ ਢਾਂਚਾ ਕਈ ਥਾਵਾਂ ’ਤੇ ਟੁੱਟ ਗਿਆ ਅਤੇ ਸਕਿੰਟਾਂ ਦੇ ਅੰਦਰ ਪਾਣੀ ਵਿਚ ਡਿੱਗ ਗਿਆ। ਕਿਸੇ ਨੇ ਇਸ ਘਟਨਾ ਦਾ ਵੀਡੀਉ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿਤਾ। ਇਸ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਸ ਵਿਚੋਂ ਕਾਲਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਬਾਲਟੀਮੋਰ ਦੇ ਮੇਅਰ ਬ੍ਰੈਂਡਨ ਸਕਾਟ ਨੇ ਇਸ ਨੂੰ ‘ਇਕ ਨਾ ਸੋਚੀ ਜਾ ਸਕਣ ਵਾਲੀ ਤ੍ਰਾਸਦੀ’ ਕਿਹਾ। ਉਨ੍ਹਾਂ ਕਿਹਾ, ‘‘ਤੁਸੀਂ ਕਦੇ ਨਹੀਂ ਸੋਚਿਆ ਹੋਵੇਗਾ ਕਿ ਤੁਸੀਂ ਇਸ ਪੁਲ ਨੂੰ ਡਿੱਗਦੇ ਹੋਏ ਵੇਖੋਗੇ। ਇਹ ਕਿਸੇ ਐਕਸ਼ਨ ਫਿਲਮ ਦੀ ਤਰ੍ਹਾਂ ਲੱਗ ਰਹੀ ਸੀ।’’
ਇਸ ਦੌਰਾਨ ਨਿਊਯਾਰਕ ਤੋਂ ਮਿਲੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਪੁਲ ਨਾਲ ਟਕਰਾਉਣ ਵਾਲੇ ਮਾਲਬਰਦਾਰ ਜਹਾਜ਼ ਦੇ ਚਾਲਕ ਦਲ ਦੇ ਸਾਰੇ 22 ਮੈਂਬਰ ਭਾਰਤੀ ਹਨ। ਸਿੰਗਾਪੁਰ ਦੇ ਝੰਡੇ ਵਾਲਾ ਕੰਟੇਨਰ ਜਹਾਜ਼ ‘ਡਾਲੀ’ ਸਥਾਨਕ ਸਮੇਂ ਮੁਤਾਬਕ ਤੜਕੇ ਕਰੀਬ ਡੇਢ ਵਜੇ ਬਾਲਟੀਮੋਰ ’ਚ ‘ਫਰਾਂਸਿਸ ਸਕਾਟ ਕੀ ਬ੍ਰਿਜ’ ਦੇ ਇਕ ਥੰਮ੍ਹ ਨਾਲ ਟਕਰਾ ਗਿਆ। ਸਿਨਰਜੀ ਮਰੀਨ ਗਰੁੱਪ ਵਲੋਂ ਦਿਤੀ ਗਈ ਸਮੁੰਦਰੀ ਜਹਾਜ਼ ਦੀ ਜਾਣਕਾਰੀ ਮੁਤਾਬਕ ਜਹਾਜ਼ ਦੇ ਚਾਲਕ ਦਲ ਦੇ ਕੁਲ 22 ਮੈਂਬਰ ਸਨ ਅਤੇ ਇਹ ਸਾਰੇ ਭਾਰਤੀ ਹਨ। ਜਹਾਜ਼ ‘ਗ੍ਰੇਸ ਓਸ਼ਨ ਪ੍ਰਾਈਵੇਟ ਲਿਮਟਿਡ’ ਦੀ ਮਲਕੀਅਤ ਹੈ ਅਤੇ ਜਹਾਜ਼ ਬਾਲਟੀਮੋਰ ਤੋਂ ਕੋਲੰਬੋ ਜਾ ਰਿਹਾ ਸੀ।
ਜਹਾਜ਼ ਪ੍ਰਬੰਧਨ ਕੰਪਨੀ ਸਿਨਰਜੀ ਮਰੀਨ ਗਰੁੱਪ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ‘ਡਾਲੀ’ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੇ ਦਸਿਆ ਕਿ ਜਹਾਜ਼ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 1:30 ਵਜੇ ਬਾਲਟੀਮੋਰ ਦੇ ਫਰਾਂਸਿਸ ਸਕਾਟ ਬ੍ਰਿਜ ਦੇ ਇਕ ਥੰਮ੍ਹ ਨਾਲ ਟਕਰਾ ਗਿਆ। ਇਸ ਨੇ ਕਿਹਾ ਕਿ ਚਾਲਕ ਦਲ ਦੇ ਸਾਰੇ ਮੈਂਬਰਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਕੋਈ ਪ੍ਰਦੂਸ਼ਣ ਵੀ ਨਹੀਂ ਹੋਇਆ ਹੈ।
ਘਟਨਾ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਯੂ.ਐਸ. ਕੋਸਟ ਗਾਰਡ ਅਤੇ ਸਥਾਨਕ ਅਥਾਰਟੀਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਮਾਲਕ ਤੇ ਮੈਨੇਜਰ ਇਕ ਪ੍ਰਵਾਨਿਤ ਯੋਜਨਾ ਦੇ ਤਹਿਤ ਸੰਘੀ ਅਤੇ ਸੂਬਾਈ ਸਰਕਾਰੀ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ।