ਬਰਨਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ’ਚੋਂ ਨਕਦੀ ਅਤੇ ਹਥਿਆਰ ਬਰਾਮਦ ਕੀਤੇ ਹਨ। ਬਡਬਰ ਟੋਲ ਪਲਾਜ਼ਾ ’ਤੇ ਚੰਡੀਗੜ੍ਹ ਤੋਂ ਬਠਿੰਡਾ ਵੱਲ ਆ ਰਹੀ ਇੱਕ ਫਾਰਚੂਨਰ ਕਾਰ ’ਚੋਂ 12 ਲੱਖ 46 ਹਜ਼ਾਰ ਰੁਪਏ ਅਤੇ 12 ਬੋਰ ਦਾ ਪਿਸਤੌਲ ਬਰਾਮਦ ਹੋਇਆ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਰੱਖਣ ਦੀ ਮਨਾਹੀ ਹੈ। ਕਾਰ ਸਵਾਰ ਦਿੱਲੀ ਅਤੇ ਹਰਿਆਣਾ ਦੇ ਵਸਨੀਕ ਸਨ, ਜੋ ਪੁਲਿਸ ਨੂੰ ਨਕਦੀ ਅਤੇ ਰਿਵਾਲਵਰ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲਿਸ ਨੇ ਨਕਦੀ ਅਤੇ ਰਿਵਾਲਵਰ ਬਰਾਮਦ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।
DSP ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਪੁਲੀਸ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਬਡਬਰ ਟੋਲ ਪਲਾਜ਼ਾ ’ਤੇ ਚੈਕਿੰਗ ਦੌਰਾਨ 12 ਲੱਖ 46 ਹਜ਼ਾਰ ਰੁਪਏ ਦੀ ਨਕਦੀ ਸਮੇਤ ਚਿੱਟੇ ਰੰਗ ਦੀ ਫਾਰਚੂਨਰ ਕਾਰ ਬਰਾਮਦ ਕੀਤੀ ਗਈ। ਕਾਰ ਸਵਾਰ ਇਸ ਨਕਦੀ ਸਬੰਧੀ ਕੋਈ ਵੀ ਜ਼ਰੂਰੀ ਦਸਤਾਵੇਜ਼ ਨਹੀਂ ਦਿਖਾ ਸਕੇ। ਇਸ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਕੋਲੋਂ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਹੈ, ਜਿਸ ਦਾ ਉਕਤ ਵਿਅਕਤੀਆਂ ਕੋਲ ਕੋਈ ਲਾਇਸੈਂਸ ਨਹੀਂ ਸੀ।
ਬਰਨਾਲਾ ਪੁਲਿਸ ਨੇ ਕਾਰ ’ਚ ਸਵਾਰ ਵਿਅਕਤੀਆਂ ਖ਼ਿਲਾਫ਼ ਥਾਣਾ ਧਨੌਲਾ ’ਚ ਕੇਸ ਦਰਜ ਕਰ ਲਿਆ ਹੈ। DSP ਬਰਨਾਲਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਬਲਜੀਤ ਸਿੰਘ ਵਾਸੀ ਕੈਥਲ, ਵਿਸ਼ਾਲ ਚਾਵਲਾ ਵਾਸੀ ਦਿੱਲੀ, ਨਰੋਤਮ ਕੁਮਾਰ ਵਾਸੀ ਪਿਹੋਵਾ ਅਤੇ ਸੌਰਵ ਆਹੂਜਾ ਵਾਸੀ ਕੁਰੂਕਸ਼ੇਤਰ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਚੋਣ ਕਮਿਸ਼ਨ ਅਤੇ ਆਮਦਨ ਕਰ ਵਿਭਾਗ ਦੀ ਫਲਾਇੰਗ ਸਕੁਐਡ ਟੀਮ ਨੂੰ ਚੌਕੀ ਵਾਲੀ ਥਾਂ ’ਤੇ ਬੁਲਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।