ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਅਤੇ ਕੁੱਝ ਹੋਰ ਵਕੀਲਾਂ ਦੀ ਤਰਫੋਂ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ ਪੱਤਰ ਲਿਖ ਕੇ ਨਿਆਂਪਾਲਿਕਾ ‘ਤੇ ਦਬਾਅ ਬਣਾਉਣ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਬੋਲਿਆ ਹੈ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ‘ਦੂਸਰਿਆਂ’ ਨੂੰ ਧਮਕੀਆਂ ਦੇਣਾ ਅਤੇ ਧੌਂਸ ਦਿਖਾਉਣਾ ਵਿਰੋਧੀ ਪਾਰਟੀ ਦਾ ‘ਪੁਰਾਣਾ ਸੱਭਿਆਚਾਰ’ ਹੈ।
ਚੀਫ਼ ਜਸਟਿਸ ਨੂੰ ਲਿਖੇ ਪੱਤਰ ਵਿਚ ਇਲਜ਼ਾਮ ਲਾਇਆ ਗਿਆ ਹੈ ਕਿ ‘ਸਵਾਰਥੀ ਸਮੂਹ ਬੇਕਾਰ ਦਲੀਲਾਂ ਅਤੇ ਘਟੀਆ ਸਿਆਸੀ ਏਜੰਡੇ’ ਦੇ ਆਧਾਰ ’ਤੇ ਨਿਆਂਪਾਲਿਕਾ ’ਤੇ ਦਬਾਅ ਬਣਾਉਣ ਅਤੇ ਅਦਾਲਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਪੱਤਰ ਦੀ ਕਾਪੀ ਦੇ ਨਾਲ ‘ਐਕਸ’ ‘ਤੇ ਕੀਤੀ ਪੋਸਟ ਨੂੰ ਟੈਗ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ, ”ਦੂਸਰਿਆਂ ਨੂੰ ਧਮਕਾਉਣਾ ਅਤੇ ਧੱਕੇਸ਼ਾਹੀ ਕਰਨਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਹੈ। ਪੰਜ ਦਹਾਕੇ ਪਹਿਲਾਂ ਹੀ ਉਨ੍ਹਾਂ ਨੇ ‘ਵਚਨਬੱਧ ਨਿਆਂਪਾਲਿਕਾ’ ਦੀ ਮੰਗ ਕੀਤੀ ਸੀ। ਉਹ ਬੇਸ਼ਰਮੀ ਨਾਲ ਅਪਣੇ ਸੁਆਰਥੀ ਹਿੱਤਾਂ ਲਈ ਦੂਜਿਆਂ ਤੋਂ ਵਚਨਬੱਧਤਾ ਦੀ ਮੰਗ ਕਰਦੇ ਹਨ ਪਰ ਰਾਸ਼ਟਰ ਪ੍ਰਤੀ ਕਿਸੇ ਵੀ ਵਚਨਬੱਧਤਾ ਤੋਂ ਦੂਰ ਰਹਿੰਦੇ ਹਨ।”
ਉਨ੍ਹਾਂ ਦਾਅਵਾ ਕੀਤਾ, ”ਇਸ ‘ਚ ਕੋਈ ਹੈਰਾਨੀ ਨਹੀਂ ਕਿ 140 ਕਰੋੜ ਭਾਰਤੀ ਉਨ੍ਹਾਂ ਨੂੰ ਖਾਰਜ ਕਰ ਰਹੇ ਹਨ।” ਅਧਿਕਾਰਤ ਸੂਤਰਾਂ ਦਾ ਨਾਂ ਲਏ ਬਿਨਾਂ ਸਾਂਝੀ ਕੀਤੀ ਗਈ ਚਿੱਠੀ ਵਿਚ ਵਕੀਲਾਂ ਦੇ ਇਕ ਵਰਗ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਲਜ਼ਾਮ ਲਗਾਇਆ ਹੈ ਕਿ ਉਹ ਦਿਨ ਵੇਲੇ ਸਿਆਸਤਦਾਨਾਂ ਦਾ ਬਚਾਅ ਕਰਦੇ ਹਨ ਅਤੇ ਫਿਰ ਰਾਤ ਨੂੰ ਮੀਡੀਆ ਰਾਹੀਂ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।
‘ਨਿਆਂਪਾਲਿਕਾ ਨੂੰ ਖ਼ਤਰਾ: ਸਿਆਸੀ ਅਤੇ ਪੇਸ਼ੇਵਰ ਦਬਾਅ ਤੋਂ ਨਿਆਂਪਾਲਿਕਾ ਦੀ ਰੱਖਿਆ’ ਸਿਰਲੇਖ ਵਾਲੇ ਪੱਤਰ ਨੂੰ ਲਿਖਣ ਵਾਲਿਆਂ ਵਿਚ 600 ਦੇ ਕਰੀਬ ਵਕੀਲਾਂ ਆਦਿਸ਼ ਅਗਰਵਾਲ, ਚੇਤਨ ਮਿੱਤਲ, ਪਿੰਕੀ ਆਨੰਦ, ਹਿਤੇਸ਼ ਜੈਨ, ਉੱਜਵਲਾ ਪਵਾਰ, ਉਦੈ ਹੋਲਾ ਅਤੇ ਸਵਰੂਪਮਾ ਚਤੁਰਵੇਦੀ ਦੇ ਨਾਂ ਸ਼ਾਮਲ ਹਨ।
ਹਾਲਾਂਕਿ ਵਕੀਲਾਂ ਨੇ ਪੱਤਰ ਵਿਚ ਕਿਸੇ ਖਾਸ ਕੇਸ ਦਾ ਜ਼ਿਕਰ ਨਹੀਂ ਕੀਤਾ, ਪਰ ਇਹ ਘਟਨਾ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਅਦਾਲਤਾਂ ਵਿਰੋਧੀ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਕਈ ਵੱਡੇ ਅਪਰਾਧਿਕ ਮਾਮਲਿਆਂ ਨਾਲ ਨਜਿੱਠ ਰਹੀਆਂ ਹਨ।