Lok Sabha Elections: ਫਿਲਮ ਅਦਾਕਾਰ ਗੋਵਿੰਦਾ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ‘ਚ ਸ਼ਾਮਲ ਹੋ ਗਏ ਹਨ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਫਿਲਮ ਅਦਾਕਾਰ ਨੇ ਕਿਹਾ, ਮੈਂ ਏਕਨਾਥ ਸ਼ਿੰਦੇ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ 2009 ‘ਚ ਰਾਜਨੀਤੀ ਤੋਂ ਬਾਹਰ ਗਿਆ ਸੀ ਤਾਂ ਮੈਂ ਨਹੀਂ ਸੋਚਿਆ ਸੀ ਕਿ ਮੈਂ ਵਾਪਸ ਆਵਾਂਗਾ ਪਰ ਹੁਣ ਮੈਂ ਏਕਨਾਥ ਸ਼ਿੰਦੇ ਜੀ ਦੀ ਪਾਰਟੀ ਵਿਚ ਆਇਆ ਹਾਂ। ਅਦਾਕਾਰ ਗੋਵਿੰਦਾ ਨੇ ਕਿਹਾ ਕਿ ਮੇਰਾ 14 ਸਾਲ ਦਾ ਵਨਵਾਸ ਖਤਮ ਹੋ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵੀਡੀਉ ਸ਼ੇਅਰ ਕੀਤਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਦਿੱਗਜ ਬਾਲੀਵੁੱਡ ਅਦਾਕਾਰ ਗੋਵਿੰਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋਏ।
ਫਿਲਮ ਅਭਿਨੇਤਾ ਗੋਵਿੰਦਾ ਨੇ ਕਿਹਾ ਕਿ ਪਾਰਟੀ ‘ਚ ਜੇਕਰ ਮੈਨੂੰ ਕਲਾ ਅਤੇ ਸੱਭਿਆਚਾਰ ਦਾ ਕੰਮ ਮਿਲਿਆ ਤਾਂ ਮੈਂ ਜ਼ਰੂਰ ਕਰਾਂਗਾ। ਉਨ੍ਹਾਂ ਕਿਹਾ, ਮੁੰਬਈ ਹੁਣ ਹੋਰ ਖੂਬਸੂਰਤ ਹੋ ਗਈ ਹੈ। ਸੀਐਮ ਏਕਨਾਥ ਸ਼ਿੰਦੇ ਦੇ ਆਉਣ ਤੋਂ ਬਾਅਦ ਇਹ ਸ਼ਹਿਰ ਖੂਬਸੂਰਤ ਦਿਖਣ ਲੱਗਿਆ ਹੈ। ਚੋਣ ਲੜਨ ‘ਤੇ ਗੋਵਿੰਦਾ ਨੇ ਕਿਹਾ, ਇਸ ਦਾ ਫੈਸਲਾ ਸਾਡੇ ਮੁੱਖ ਮੰਤਰੀ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਸ਼ਿਵਾਜੀ ਅਤੇ ਬਾਲਾ ਸਾਹਿਬ ਦਾ ਆਸ਼ੀਰਵਾਦ ਮਿਲਿਆ ਹੈ।
ਸੀਐਮ ਏਕਨਾਥ ਸ਼ਿੰਦੇ ਨੇ ਕਿਹਾ, “ਸ਼ਿਵਜਯੰਤੀ ਦੇ ਸ਼ੁਭ ਮੌਕੇ ‘ਤੇ, ਮੈਂ ਪ੍ਰਸਿੱਧ ਅਦਾਕਾਰ ਗੋਵਿੰਦਾ ਦਾ ਸ਼ਿਵਸੈਨਾ ਵਿਚ ਸਵਾਗਤ ਕਰਦਾ ਹਾਂ”। ਉਨ੍ਹਾਂ ਕਿਹਾ ਕਿ ਗੋਵਿੰਦਾ ਜ਼ਮੀਨ ਨਾਲ ਜੁੜੇ ਹੋਏ ਹਨ। ਗੋਵਿੰਦਾ ਨੇ ਦਸਿਆ ਕਿ ਫਿਲਮ ਇੰਡਸਟਰੀ ਵਿਚ ਲੱਖਾਂ ਲੋਕ ਕੰਮ ਕਰਦੇ ਹਨ, ਉਹ ਉਨ੍ਹਾਂ ਲਈ ਕੁੱਝ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਗੋਵਿੰਦਾ ਨੂੰ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਅਤੇ ਇੰਡਸਟਰੀ ਵਿਚ ਇਕ ਪੁਲ ਦਾ ਕੰਮ ਕਰਨਾ ਚਾਹੀਦਾ ਹੈ।