ਨਵੀਂ ਦਿੱਲੀ: ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਇਕ ਡਿਜੀਟਲ ਮੰਚ ਪੇਸ਼ ਕੀਤਾ ਤਾਂ ਜੋ ਕਿਸਾਨਾਂ ਨੂੰ ਰਜਿਸਟਰਡ ਗੋਦਾਮਾਂ ’ਚ ਰੱਖੀ ਅਪਣੀ ਉਪਜ ਦੇ ਬਦਲੇ ਕਰਜ਼ਾ ਪ੍ਰਾਪਤ ਕਰਨ ਦੀ ਸਹੂਲਤ ਦਿਤੀ ਜਾ ਸਕੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਭਾਈਚਾਰੇ ਦੀ ਆਮਦਨ ਵਧਾਉਣ ’ਚ ਮਦਦ ਮਿਲੇਗੀ ਅਤੇ ਖੇਤੀ ਪ੍ਰਤੀ ਦਿਲਚਸਪੀ ਵਧੇਗੀ। ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਟਰੀ ਅਥਾਰਟੀ (WDRA) ਜਲਦੀ ਹੀ ਗੋਦਾਮ ਮਾਲਕ ਲਈ ਸੁਰੱਖਿਆ ਜਮ੍ਹਾਂ ਰਾਸ਼ੀ ਨੂੰ ਮੌਜੂਦਾ ਸਟਾਕ ਮੁੱਲ ਦੇ 3 ਫ਼ੀ ਸਦੀ ਤੋਂ ਘਟਾ ਕੇ 1 ਫ਼ੀ ਸਦੀ ਕਰੇਗੀ।
ਗੋਇਲ ਨੇ ਇੱਥੇ ਇਕ ਪ੍ਰੋਗਰਾਮ ’ਚ ‘ਈ-ਕਿਸਾਨ ਉਪਜ ਨਿਧੀ’ ਨਾਮਕ ਡਿਜੀਟਲ ਗੇਟਵੇ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਕਿਸਾਨਾਂ ਨੂੰ WDRA ਰਜਿਸਟਰਡ ਗੋਦਾਮਾਂ ’ਚ ਰੱਖੇ ਸਟਾਕ ਦੇ ਬਦਲੇ ਬੈਂਕਾਂ ਤੋਂ ਕਰਜ਼ਾ ਲੈਣ ਦੀ ਸਹੂਲਤ ਦੇਣਾ ਹੈ।
ਕਰਜ਼ੇ ਇਲੈਕਟ੍ਰਾਨਿਕ ਵਿਕਰੀਯੋਗ ਸਟੋਰੇਜ ਰਸੀਦਾਂ (E-NWUR) ਦੇ ਆਧਾਰ ’ਤੇ ਦਿਤੇ ਜਾਂਦੇ ਹਨ। ਇਸ ਸਮੇਂ WDRA ਅਧੀਨ 5,500 ਤੋਂ ਵੱਧ ਰਜਿਸਟਰਡ ਗੋਦਾਮ ਹਨ। ਦੂਜੇ ਪਾਸੇ, ਖੇਤੀਬਾੜੀ ਗੋਦਾਮਾਂ ਦੀ ਕੁਲ ਗਿਣਤੀ ਲਗਭਗ ਇਕ ਲੱਖ ਹੋਣ ਦਾ ਅਨੁਮਾਨ ਹੈ।
ਮੰਤਰੀ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਕੇ ਭਾਰਤੀ ਖੇਤੀਬਾੜੀ ਦੇ ਆਧੁਨਿਕੀਕਰਨ ’ਤੇ ਜ਼ੋਰ ਦਿਤਾ। ਗੋਇਲ ਨੇ ਕਿਹਾ ਕਿ ਇਸ ਗੇਟਵੇ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਬਿਨਾਂ ਕਿਸੇ ਜ਼ਮਾਨਤ ਦੇ 7 ਫੀ ਸਦੀ ਵਿਆਜ ’ਤੇ ਆਸਾਨ ਕਰਜ਼ਾ ਮਿਲੇਗਾ।
यह भी पढ़े: Farmers Protest: ਪ੍ਰਦਰਸ਼ਨਕਾਰੀ ਕਿਸਾਨਾਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਨ ਦਾ ਮਾਮਲਾ ਪਹੁੰਚਿਆ ਹਾਈ ਕੋਰਟ